ਲੁਧਿਆਣਾ : ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਡਾਬਾ ਰੋਡ 'ਤੇ ਨਿਰਮਲ ਪੈਲੇਸ ਦੇ ਨੇੜੇ ਗੁਰਚਰਨ ਸਿੰਘ ਦੇ ਵਿਹੜੇ 'ਚ ਰਹਿਣ ਵਾਲੇ 4 ਸਾਲ ਦੇ ਬੱਚੇ ਵਿਸ਼ਵਾਸ ਸ਼ੁਕਲਾ ਦੀ ਕੁਕਰਮ ਤੋਂ ਬਾਅਦ ਆਰੀ ਨਾਲ ਗਲਾ ਕੱਟ ਕੇ ਉਸੇ ਵਿਹੜੇ 'ਚ ਰਹਿਣ ਵਾਲੇ ਰਾਜ ਮਿਸਤਰੀ ਪੱਪੂ (45) ਨੇ ਹੱਤਿਆ ਕਰ ਦਿੱਤੀ। ਬੱਚਾ ਪਲੇਅ-ਵੇ ਸਕੂਲ 'ਚ ਪੜ੍ਹਦਾ ਸੀ। ਹੱਤਿਆ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਪਤਾ ਲੱਗਦੇ ਹੀ ਏ. ਡੀ. ਸੀ. ਪੀ. ਜਸਕਰਨਜੀਤ ਸਿੰਘ ਪੁਲਸ ਪਾਰਟੀ ਸਣੇ ਘਟਨਾ ਸਥਾਨ 'ਤੇ ਪਹੁੰਚੇ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਉਥੇ ਹੀ ਪਿਤਾ ਦੇ ਬਿਆਨ 'ਤੇ ਹੱਤਿਆ ਦਾ ਕੇਸ ਦਰਜ ਕਰ ਕੇ ਪੁਲਸ ਦੋਸ਼ੀ ਦੀ ਭਾਲ 'ਚ ਲੱਗ ਗਈ ਹੈ।
ਏ. ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਬੱਚਾ ਘਰ ਕੋਲ ਹੀ ਬਣੇ ਇਕ ਸਕੂਲ 'ਚ ਪੜ੍ਹਦਾ ਸੀ। ਉਸ ਦੀ ਇਕ ਛੋਟੀ ਭੈਣ ਹੈ। ਪਿਤਾ ਅਸ਼ੋਕ ਕੁਮਾਰ ਫੈਕਟਰੀ 'ਚ ਨੌਕਰੀ ਕਰਦਾ ਹੈ। ਮਾਂ ਮੋਹਨੀ ਅਨੁਸਾਰ ਬਾਅਦ ਦੁਪਹਿਰ 3 ਵਜੇ ਬੱਚਾ ਕਮਰੇ 'ਚੋਂ ਬਾਥਰੂਮ ਜਾਣ ਦੇ ਬਹਾਨੇ ਗਿਆ ਸੀ, ਜਿਸ ਤੋਂ ਬਾਅਦ ਵਾਪਸ ਨਹੀਂ ਆਇਆ। ਅੱਧੇ ਘੰਟੇ ਬਾਅਦ ਉਸ ਨੇ ਭਾਲ ਸ਼ੁਰੂ ਕੀਤੀ ਪਰ ਕੁਝ ਪਤਾ ਨਾ ਲੱਗਾ। ਘਬਰਾ ਕੇ ਪਤੀ ਕੋਲ ਫੈਕਟਰੀ 'ਚ ਚਲੀ ਗਈ, ਜਿਸ ਤੋਂ ਬਾਅਦ ਦੋਵੇਂ ਪਤੀ-ਪਤਨੀ ਆਸ-ਪਾਸ ਦੇ ਇਲਾਕੇ 'ਚ ਲੱਭਦੇ ਰਹੇ। ਲਗਭਗ 2 ਘੰਟੇ ਬਾਅਦ ਵਿਹੜੇ 'ਚ ਦੂਜੀ ਮੰਜ਼ਿਲ 'ਤੇ ਉਨ੍ਹਾਂ ਦੇ ਕਮਰੇ ਦੇ ਬਿਲਕੁਲ ਸਾਹਮਣੇ ਕਮਰੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਥੇ ਬੱਚੇ ਦੀ ਲਾਸ਼ ਪਈ ਹੋਈ ਸੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।
ਪੁਲਸ ਅਨੁਸਾਰ ਬੱਚਾ ਅੱਧ-ਨੰਗੀ ਹਾਲਤ ਵਿਚ ਸੀ ਅਤੇ ਕੋਲ ਹੀ ਆਰੀ ਅਤੇ ਤੇਲ ਦੀ ਬੋਤਲ ਪਈ ਹੋਈ ਸੀ। ਜਾਂਚ ਸ਼ੁਰੂ ਕੀਤੀ ਤਾਂ ਕੁਆਰਟਰ ਵਿਚ ਰਹਿਣ ਵਾਲਾ ਉਕਤ ਦੋਸ਼ੀ ਗਾਇਬ ਸੀ। ਪੁਲਸ ਅਨੁਸਾਰ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਪੱਪੂ ਨੇ ਬੱਚੇ ਨਾਲ ਪਹਿਲਾਂ ਕੁਕਰਮ ਕੀਤਾ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਅਨੁਸਾਰ ਪੋਸਟਮਾਰਟਮ ਰਿਪੋਰਟ ਵਿਚ ਕੁਕਰਮ ਦੀ ਗੱਲ ਸਪੱਸ਼ਟ ਹੋਵੇਗੀ। ਉਥੇ ਹੀ ਫਰਾਰ ਦੋਸ਼ੀ ਦੀ ਭਾਲ ਵਿਚ ਕਈ ਪੁਲਸ ਟੀਮਾਂ ਭੇਜੀਆਂ ਗਈਆਂ ਹਨ। ਕਈ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।