ਜਲੰਧਰ : ਪੰਜਾਬ ਸਿੱਖਿਆ ਵਿਭਾਗ ਜਲਦ ਹੀ ਸਿੱਖਿਆ ਨੂੰ ਮੋਬਾਇਲ ਐਪ 'ਤੇ ਲਿਆਉਣ ਜਾ ਰਿਹਾ ਹੈ। ਇਸ ਲਈ ਪੂਰੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸੇ ਨਾਲ ਹੀ ਵਿਭਾਗ ਨੇ ਹੁਣ ਸਕੂਲਾਂ ਵਿਚ ਵੀ ਅਚਾਨਕ ਨਿਰੀਖਣ ਨੂੰ ਲਗਭਗ ਬੰਦ ਕਰਨ ਦਾ ਫੈਸਲਾ ਲਿਆ ਹੈ। ਵਿਭਾਗ ਦੇ ਅਧਿਕਾਰੀ ਹੁਣ ਸਕੂਲਾਂ ਵਿਚ ਅਚਾਨਕ ਨਹੀਂ, ਸਗੋਂ ਸਕੂਲ ਦੇ ਇੰਚਾਰਜ ਨੂੰ ਪਹਿਲਾਂ ਦੱਸ ਕੇ ਸਕੂਲ ਵਿਚ ਜਾਣਗੇ। ਵਿਭਾਗ ਦਾ ਮੰਨਣਾ ਹੈ ਕਿ ਨਿਰੀਖਣ ਦਾ ਮਕਸਦ ਸਕੂਲ ਦੀਆਂ ਖਾਮੀਆਂ ਨੂੰ ਦੂਰ ਕਰਨਾ ਹੈ ਅਤੇ ਅਜਿਹੇ ਵਿਚ ਜੇਕਰ ਸਕੂਲ ਇੰਚਾਰਜ ਇਸ ਨੂੰ ਪਹਿਲਾਂ ਤੋਂ ਹੀ ਦੂਰ ਕਰ ਲੈਣ ਤਾਂ ਵਿਭਾਗ ਦਾ ਮਕਸਦ ਪੂਰਾ ਹੋ ਜਾਂਦਾ ਹੈ ਅਤੇ ਸਰਕਾਰੀ ਸਕੂਲਾਂ ਨੂੰ ਲੈ ਕੇ ਨਾਂਹ-ਪੱਖੀ ਖਬਰਾਂ ਦਾ ਪ੍ਰਚਾਰ ਵੀ ਨਹੀਂ ਹੋ ਸਕੇਗਾ।
ਸੋਸ਼ਲ ਮੀਡੀਆ ਜ਼ਰੀਏ ਸਿੱਖਿਆ ਦੇਣਾ ਬਿਹਤਰ : ਸਿੱਖਿਆ ਸਕੱਤਰ ਸਿੱਖਿਆ ਸੁਧਾਰ ਵਿਚ ਲੱਗੇ ਪੰਜਾਬ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸੂਬੇ 'ਚ ਜਦੋਂ ਅਨੇਕਾਂ ਜ਼ਿਲਿਆਂ ਵਿਚ ਦੱਸ ਕੇ ਸਕੂਲਾਂ ਦੇ ਦੌਰੇ ਕੀਤੇ ਗਏ ਤਾਂ ਸਕੂਲਾਂ ਵਿਚ ਹੈਰਾਨੀਜਨਕ ਸੁਧਾਰ ਅਤੇ ਵਿਦਿਆਰਥੀਆਂ ਵਿਚ ਇਕ ਜੋਸ਼ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਇਸ ਦੇ ਜ਼ਰੀਏ ਸਿੱਖਿਆ ਦੇਣਾ ਬਿਹਤਰ ਹੈ।
|
ਅਧਿਆਪਕ-ਵਿਦਿਆਰਥੀ, ਦੋਵਾਂ ਨੂੰ ਸੋਸ਼ਲ ਮੀਡੀਆ ਦੀ ਆਦਤ ਪੈ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਵਿਭਾਗ ਨੇ 'ਆਈ ਸਕੂਲ ਲਰਨ ਮੋਬਾਇਲ ਐਪ' ਤਿਆਰ ਕੀਤਾ ਹੈ, ਜਿਸ ਵਿਚ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਉੱਚ ਪੱਧਰੀ ਅਤੇ ਦਿਲਚਸਪ ਮਲਟੀਮੀਡੀਆ ਆਧਾਰਿਤ ਈ. ਕੰਟੈਂਟ ਉਪਲੱਬਧ ਕਰਵਾਏ ਗਏ ਹਨ। ਸਿੱਖਿਆ ਵਿਭਾਗ ਨੇ ਇਸ ਲਈ ਬਾਕਾਇਦਾ ਇਕ ਵਿਭਾਗੀ ਚਿੱਠੀ ਜਾਰੀ ਕਰ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਧਿਕਾਰੀਆਂ ਜ਼ਰੀਏ ਮੋਬਾਇਲ ਐਪ ਡਾਊਨਲੋਡ ਕਰਨ ਲਈ ਕਿਹਾ ਹੈ। ਭਾਵ ਹੁਣ ਜਲਦੀ ਹੀ ਸਿੱਖਿਆ ਮੋਬਾਇਲ ਐਪ 'ਤੇ ਉਪਲੱਬਧ ਹੋਵੇਗੀ।