ਚੰਡੀਗੜ੍ਹ : ਡੇਰਾਮੁਖੀ ਰਾਮ ਰਹੀਮ ਦੇ 21 ਦਿਨਾਂ ਦੀ ਫਰਲੋ 'ਤੇ ਜੇਲ 'ਚੋਂ ਬਾਹਰ ਆਉਣ 'ਤੇ ਪ੍ਰੇਮੀਆਂ 'ਚ ਖੁਸ਼ੀ ਦੀ ਲਹਿਰ ਹੈ ਪਰ ਡੇਰਾ ਸਮਰਥਕਾਂ ਦੀ ਸਿਆਸੀ 'ਚੁੱਪ' ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਫਿਕਰਮੰਦ ਕਰ ਦਿੱਤਾ ਹੈ। ਹਾਲਾਂਕਿ ਵੱਖ-ਵੱਖ ਸਿਆਸੀ ਪਾਰਟੀਆਂ ਡੇਰਾ ਮੁਖੀ ਦੀਆਂ ਛੁੱਟੀਆਂ ਨੂੰ ਮੁੱਦਾ ਬਣਾ ਕੇ ਭਾਜਪਾ 'ਤੇ ਨਿਸ਼ਾਨਾ ਸਾਧ ਰਹੀਆਂ ਹਨ। ਇਸ ਘਟਨਾ ਨੂੰ ਭਾਜਪਾ ਦੀ ਚਾਲ ਦੱਸਦਿਆਂ ਉਸ 'ਤੇ ਸਿਆਸੀ ਲਾਹਾ ਲੈਣ ਦੇ ਦੋਸ਼ ਲਾਏ ਜਾ ਰਹੇ ਹਨ। ਪਰ ਬੈਂਕ ਖਿਸਕਦਾ ਦੇਖ ਕੇ ਸਿਆਸੀ ਪਾਰਟੀਆਂ ਚਿੰਤਤ ਹਨ।
ਵੋਟ ਬੈਂਕ ਗੁਆਚਣ ਦੀ ਸੰਭਾਵਨਾ ਨੂੰ ਦੇਖਦਿਆਂ ਅਕਾਲੀ ਦਲ ਇਸ ਨੂੰ ਸਿੱਧੇ ਤੌਰ 'ਤੇ ਭਾਜਪਾ ਦੀ ਚਾਲ ਦੱਸ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਹੋਰ ਪਾਰਟੀਆਂ ਵੀ ਭਾਜਪਾ 'ਤੇ ਸਵਾਲ ਚੁੱਕ ਰਹੀਆਂ ਹਨ। ਜਦੋਂਕਿ ਆਮ ਆਦਮੀ ਪਾਰਟੀ ਇਸ ਮਾਮਲੇ ਵਿੱਚ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਘਟਨਾ ਪਿੱਛੇ ਭਾਜਪਾ ਦੇ ਚਾਣਕਯ ਮੰਨੇ ਜਾਂਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਯੋਜਨਾ ਕੰਮ ਕਰ ਰਹੀ ਹੈ। ਇਸ ਰਣਨੀਤੀ ਨਾਲ ਹਰਿਆਣਾ ਦੀ ਭਾਜਪਾ ਸਰਕਾਰ ਦੀ ਨਰਮ ਸੁਰ ਨੂੰ ਜੋੜਿਆ ਜਾ ਰਿਹਾ ਹੈ।
ਮਾਲਵੇ ਦੀਆਂ ਜ਼ਿਆਦਾਤਰ ਸੀਟਾਂ 'ਤੇ ਬਣ ਸਕਦੇ ਹਨ ਨਵੇਂ ਸਮੀਕਰਨ
ਡੇਰਾ ਫੈਕਟਰ ਦਾ ਪ੍ਰਭਾਵ ਪੂਰੇ ਮਾਲਵਾ ਖੇਤਰ 'ਚ ਹੈ ਅਤੇ ਸਮਰਥਕਾਂ ਦਾ ਸਟੈਂਡ ਮਾਲਵੇ ਦੀਆਂ ਜ਼ਿਆਦਾਤਰ ਸੀਟਾਂ 'ਤੇ ਨਵੇਂ ਸਮੀਕਰਨਾਂ ਨੂੰ ਜਨਮ ਦੇ ਸਕਦਾ ਹੈ। ਇਸ ਕਾਰਨ ਵੱਖ-ਵੱਖ ਸੀਟਾਂ 'ਤੇ ਵੱਖ-ਵੱਖ ਪਾਰਟੀਆਂ ਦਾ ਸੰਤੁਲਨ ਵਿਗੜ ਸਕਦਾ ਹੈ। ਸਖ਼ਤ ਮੁਕਾਬਲੇ ਵਾਲੀਆਂ ਸੀਟਾਂ 'ਤੇ ਵੱਡੀ ਤਬਦੀਲੀ ਦੇ ਅੰਦਾਜ਼ੇ ਪਹਿਲਾਂ ਹੀ ਲਗਾਏ ਜਾ ਰਹੇ ਹਨ।
ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਫਤਹਿਗੜ੍ਹ ਸਾਹਿਬ ਸਮੇਤ ਮਾਲਵੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਡੇਰਾ ਸਿਰਸਾ ਦੇ ਲੱਖਾਂ ਪੈਰੋਕਾਰ ਹਨ। ਡੇਰੇ ਦੇ ਸਿਆਸੀ ਵਿੰਗ ਦਾ ਮਹਿਜ਼ ਇਸ਼ਾਰੇ ਸਿਆਸੀ ਹਵਾ ਦੀ ਦਿਸ਼ਾ ਬਦਲਣ ਦੀ ਸਮਰੱਥਾ ਰੱਖਦਾ ਹੈ ਅਤੇ ਸਮਰਥਕਾਂ ਦਾ ਮੂਡ ਕਿਸੇ ਵੀ ਸਿਆਸੀ ਪਾਰਟੀ ਨੂੰ ਹਾਵੀ ਕਰ ਸਕਦਾ ਹੈ। ਡੇਰਾ ਸਮਰਥਕਾਂ ਅਨੁਸਾਰ ਹਰੇਕ ਵਿਸ ਸੀਟ 'ਤੇ 20 ਤੋਂ 30 ਹਜ਼ਾਰ ਵੋਟਾਂ ਨੂੰ ਪ੍ਰਭਾਵਿਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਸਮਰਥਕਾਂ 'ਚ ਹਲਚਲ ਤੇਜ਼, ਆਖਰੀ ਵਾਰ ਹੋਵੇਗਾ ਫੈਸਲਾ
ਡੇਰਾ ਸਿਰਸਾ ਦੇ ਸ਼ਰਧਾਲੂਆਂ ਵਿੱਚ ਚੋਣ ਲਹਿਰ ਤੇਜ਼ ਹੋ ਗਈ ਹੈ ਅਤੇ ਸ਼ਰਧਾਲੂ ਡੇਰਾ ਮੁਖੀ ਦੀ ਰਿਹਾਈ 'ਤੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਇਸ ਸਬੰਧੀ ਡੇਰਾ ਸਿਰਸਾ ਦੇ ਬਲਾਕ ਪ੍ਰਧਾਨ ਸ਼ੈਬਰ ਸਿੰਘ ਨੇ ਕਿਹਾ ਕਿ ਸਿਆਸੀ ਤੌਰ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਡੇਰਾ ਮੁਖੀ ਦਾ ਜੋ ਵੀ ਹੁਕਮ ਹੋਵੇਗਾ, ਉਸ ਦੀ ਹਰ ਹਾਲਤ ਵਿੱਚ ਪਾਲਣਾ ਕੀਤੀ ਜਾਵੇਗੀ। ਦਰਅਸਲ ਵੋਟਿੰਗ ਤੋਂ ਕੁਝ ਸਮਾਂ ਪਹਿਲਾਂ ਇਸ ਬਾਰੇ ਫੈਸਲਾ ਲਿਆ ਜਾ ਸਕਦਾ ਹੈ।