Saturday, November 23, 2024
 

ਸਿਆਸੀ

ਕੁਲਵੰਤ ਸਿੰਘ ਦਾ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੂੰ ਸਵਾਲ...

February 04, 2022 07:17 PM

ਮੋਹਾਲੀ :  ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਾਂਗਰਸੀ ਉਮੀਦਵਾਰ ਨੂੰ ਢੁਕਵੇਂ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਦੀ ਸਰਕਾਰ ਨਾਲ ਜੁਡ਼ੇ ਸਵਾਲ ਪੁੱਛਦਿਆਂ ਕਿਹਾ ਹੈ ਕਿ ਬਲਬੀਰ ਸਿੰਘ ਸਿੱਧੂ ਇਹ ਦੱਸਣ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਹਲਕਾ ਮੋਹਾਲੀ ਦੇ ਪਿੰਡਾਂ ਤੇ ਕਸਬਿਆਂ ਦੇ ਕਿੰਨੇ ਕੁ ਨੌਜਵਾਨਾਂ ਨੂੰ ਨੌਕਰੀਆਂ ਦਿਵਾਈਆਂ। ਇਹ ਵੀ ਦੱਸਣ ਕਿ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਉਨ੍ਹਾਂ ਦੀ ਸਰਕਾਰ ਨੇ ਹਲਕਾ ਮੋਹਾਲੀ ਦੇ ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡ ਦਿੱਤੇ ਹਨ ਜਾਂ ਨਹੀਂ। ਜੇਕਰ ਨੌਜਵਾਨੀ ਨਾਲ ਜੁਡ਼ੇ ਇਹ ਦੋਵੇਂ ਕੰਮ ਨਹੀਂ ਕੀਤੇ ਤਾਂ ਕਾਂਗਰਸੀ ਉਮੀਦਵਾਰ ਸਿੱਧੂ ਨੂੰ ਹਲਕਾ ਮੋਹਾਲੀ ਦੇ ਲੋਕਾਂ ਤੋਂ ਵੋਟ ਮੰਗਣ ਦਾ ਕੋਈ ਹੱਕ ਨਹੀਂ ਹੈ।

ਕੁਲਵੰਤ ਸਿੰਘ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਤਿੰਨ ਵਾਰ ਲਗਾਤਾਰ ਐਮ.ਐਲ.ਏ. ਬਣਦੇ ਆ ਰਹੇ ਕਾਂਗਰਸੀ ਬਲਬੀਰ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਬਣਦਿਆਂ ਹੀ ਹਲਕੇ ਵਿੱਚ ਤਹਿਲਕਾ ਮਚਾ ਦਿੱਤਾ ਜਿਸ ਦੇ ਚਲਦਿਆਂ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਉਤੇ ਕਬਜ਼ੇ ਕੀਤੇ ਗਏ, ਸ਼ਰਾਬ ਦੇ ਠੇਕਿਆਂ ਦੀ ਭਰਮਾਰ ਅਤੇ ਜਾਂ ਫਿਰ ਮੇਅਰ ਵਰਗੇ ਉੱਚ ਅਹੁਦਿਆਂ ਉਤੇ ਗੁੰਡਾਗਰਦੀ ਕਰਕੇ ਕਬਜ਼ੇ ਕੀਤੇ ਗਏ। ਪਿੰਡਾਂ ਦੇ ਲੋਕ ਅੱਜ ਵੀ ਟੁੱਟੀਆਂ ਫੁੱਟੀਆਂ ਲਿੰਕ ਸਡ਼ਕਾਂ ਤੋਂ ਲੰਘ ਕੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਲਾਵਾਰਿਸ ਗਊਆਂ ਰੱਖਣ ਦੇ ਨਾਂ ਉਤੇ ਪਿੰਡ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਨੂੰ ਖ਼ੁਦ ਆਪਣੇ ਹੀ ਨਾਂ ਅਤੇ ਘਰ ਦੇ ਪਤੇ ਉਤੇ ਲੀਜ਼ ’ਤੇ ਲੈ ਕੇ ਗਊਸ਼ਾਲਾ ਤਾਂ ਖੋਲ੍ਹ ਲਈ ਪ੍ਰੰਤੂ ਆਪਣੇ ਨਿਜੀ ਫਾਇਦਿਆਂ ਲਈ। ਹਕੀਕਤ ਇਹ ਹੈ ਕਿ ਮੋਹਾਲੀ ਸ਼ਹਿਰ ਦੀਆਂ ਸਡ਼ਕਾਂ ਉਤੇ ਲਾਵਾਰਿਸ ਗਊਆਂ ਤਾਂ ਅੱਜ ਵੀ ਉਸੇ ਤਰ੍ਹਾਂ ਘੁੰਮ ਰਹੀਆਂ ਹਨ ਅਤੇ ਲੋਕੀਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਹੁਣ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਫਿਰ ਤੋਂ ਮੋਹਾਲੀ ਹਲਕੇ ਦੇ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਵੋਟਾਂ ਬਟੋਰਨ ਦੀ ਤਿਆਰੀ ਵਿੱਚ ਰੁਝਿਆ ਹੋਇਆ ਹੈ। ਇਸ ਲਈ ਹੁਣ ਸ਼ਹਿਰ ਮੋਹਾਲੀ ਅਤੇ ਪਿੰਡਾਂ ਦੇ ਲੋਕ ਉਸ ਨੂੰ ਮੰੂਹ ਨਹੀਂ ਲਗਾਉਣਗੇ ਅਤੇ ਉਸ ਤੋਂ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਕੀਤੀ ਗਈ ਘਟੀਆ ਕਾਰਗੁਜ਼ਾਰੀ ਦਾ ਜਵਾਬ ਉਸ ਨੂੰ ਹਰਾ ਕੇ ਦੇਣਗੇ।
ਉਮੀਦਵਾਰ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਅਤੇ ਅਕਾਲੀਆਂ ਦੇ ਗੁੰਡਾ ਰਾਜ ਤੋਂ ਹਮੇਸ਼ਾਂ ਛੁਟਕਾਰਾ ਪਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ 20 ਫ਼ਰਵਰੀ ਨੂੰ ਚੋਣ ਨਿਸ਼ਾਨ ‘ਝਾਡ਼ੂ’ ਨੂੰ ਵੋਟਾਂ ਪਾਉਣ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe