ਟੋਰਾਂਟੋ: ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਨੇ ਨਵੀਆਂ ਇੰਮੀਗ੍ਰੇਸ਼ਨ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਹਨ। ਰਿਪੋਰਟਾਂ ਮੁਤਾਬਕ ਇਹ ਪ੍ਰਕਿਰਿਆ ਆਰਜ਼ੀ ਤੌਰ ‘ਤੇ ਬੰਦ ਕੀਤੀ ਗਈ ਹੈ ਕਿਉਂਕਿ, ਇਮੀਗ੍ਰੇਸ਼ਨ ਵਿਭਾਗ ਕੋਲ ਬਹੁਤ ਐਪਲੀਕੇਸ਼ਨਾਂ ਇਕੱਠੀਆਂ ਹੋ ਗਈਆਂ ਹਨ। (Federal Express Entry : Canada’s Temporary Pause On Invitations )
ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਹਾਈ ਸਕਿਲਡ ਵਰਕਰਾਂ ਦੀ ਪੀਆਰ ਲਈ ਨਵੇਂ ਸੱਦੇ ਭੇਜਣ ਦੀ ਪ੍ਰਕਿਰਿਆ ਫ਼ਿਲਹਾਲ ਰੋਕ ਦਿੱਤੀ ਗਈ ਹੈ ਅਤੇ ਬੈਕਲਾਗ ਦੀ ਸਮੱਸਿਆ ਨਾਲ ਨਜਿੱਠਣ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ। ਸਕਿਲਡ ਵਰਕਰਾਂ ਵੱਲੋਂ ਦਾਖ਼ਲ ਅਰਜ਼ੀਆਂ ਦਾ ਬੈਕਲਾਗ 76, 000 ਤੱਕ ਪਹੁੰਚ ਗਿਆ, ਜੋ ਕਿ ਸਾਲ 2023 ਲਈ ਤੈਅ ਕੀਤੇ ਗਏ ਟੀਚੇ ਤੋਂ ਵੱਧ ਹੈ।
ਇਸ ਤੋਂ ਇਲਾਵਾ ਕੈਨੇਡਾ ਦੇ ਐਕਸਪੀਰੀਐਂਸ ਵਾਲੇ ਪ੍ਰਵਾਸੀਆਂ ਵਲੋਂ ਦਾਖਲ ਅਰਜ਼ੀਆਂ ਦੀ ਗਿਣਤੀ 2 ਲੱਖ 7 ਹਜ਼ਾਰ ਤੱਕ ਪਹੁੰਚ ਗਈ ਹੈ।
ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਦੀ ਮੌਜੂਦਾ ਇਮੀਗ੍ਰੇਸ਼ਨ ਯੋਜਨਾ ਅਧੀਨ 1.10 ਲੱਖ ਸਕਿਲਡ ਵਰਕਰਾਂ ਨੂੰ ਪੀ.ਆਰ. ਦਿੱਤੀ ਜਾਣੀ ਹੈ ਪਰ ਹੁਣ ਇਸ ਨੂੰ ਘਟਾ ਅੱਧਾ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਸਰਕਾਰ ਨੇ 20 ਹਜ਼ਾਰ ਅਫ਼ਗਾਨੀ ਰਿਫਿਊਜ਼ੀਆਂ ਨੂੰ ਪਨਾਹ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਬਾਅਦ ਵਿਚ ਵਧਾ ਕੇ 40 ਹਜ਼ਾਰ ਕਰ ਦਿੱਤਾ ਗਿਆ।