ਚੰਡੀਗੜ੍ਹ : ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ਤੋਂ ਬਾਅਦ ਸੀਐਮ ਚਰਨਜੀਤ ਚੰਨੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵਿਚਾਲੇ ਦਰਾਰ ਪੈਦਾ ਹੋ ਗਈ ਹੈ। ਸ਼ੁੱਕਰਵਾਰ ਨੂੰ ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਸੀਐਮ ਚੰਨੀ ਨੇ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਹੀ ਪਾਰ ਕਰ ਦਿੱਤੀ ਹੈ, ਉਸ ਉਤੇ ਹੁਣ ਮੈ ਮਾਨਹਾਨੀ ਦਾ ਕੇਸ ਕਰਾਂਗਾ। ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਮੇਰੀਆਂ ਭੈਣਾਂ ਤੇ ਧੀਆਂ ਨੂੰ ਬੁਰਾ ਭਲਾ ਕਿਹਾ। ਇਸ ਦੇ ਲਈ ਮੈਂ ਪਾਰਟੀ ਤੋਂ ਇਜਾਜ਼ਤ ਮੰਗੀ ਹੈ, ਮੈਂ ਕੇਜਰੀਵਾਲ ਨੂੰ ਮੁਆਫੀ ਮੰਗਣ 'ਤੇ ਵੀ ਨਹੀਂ ਛੱਡਾਂਗਾ।
ਸੀਐਮ ਚੰਨੀ ਨੇ ਕਿਹਾ ਕਿ ਕੇਜਰੀਵਾਲ ਦੀ ਆਦਤ ਹੈ ਕਿ ਉਹ ਪਹਿਲਾਂ ਵੱਡੇ-ਵੱਡੇ ਦੋਸ਼ ਲਗਾਉਂਦੇ ਹਨ ਅਤੇ ਚੋਣਾਂ ਖਤਮ ਹੋਣ ਤੋਂ ਬਾਅਦ ਮੁਆਫੀ ਮੰਗ ਕੇ ਭੱਜ ਜਾਂਦੇ ਹਨ। ਕੇਜਰੀਵਾਲ ਪਹਿਲਾਂ ਵੀ ਨਿਤਿਨ ਗਡਕਰੀ, ਅਰੁਣ ਜੇਤਲੀ ਅਤੇ ਬਿਕਰਮ ਮਜੀਠੀਆ ਦੇ ਮਾਮਲੇ ਵਿੱਚ ਅਜਿਹਾ ਕਰ ਚੁੱਕੇ ਹਨ। ਮੇਰੇ ਮਾਮਲੇ ਵਿੱਚ ਕੇਜਰੀਵਾਲ ਹਰ ਹੱਦ ਪਾਰ ਕਰ ਰਿਹਾ ਹੈ।
ਸੀਐਮ ਚੰਨੀ ਨੇ ਕਿਹਾ ਕਿ ਜੇਕਰ ਈਡੀ ਨੇ ਛਾਪੇਮਾਰੀ ਕਰਕੇ ਪੈਸੇ ਬਰਾਮਦ ਕੀਤੇ ਹਨ ਤਾਂ ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ। ਪੈਸੇ ਕਿਸੇ ਹੋਰ ਤੋਂ ਲਏ ਸਨ ਪਰ ਮੇਰੀ ਫੋਟੋ ਨੂੰ ਨੋਟਾਂ ਨਾਲ ਲਗਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਜੇ ਮੇਰੇ ਘਰੋਂ ਪੈਸੇ ਨਿਕਲੇ ਤਾਂ ਮੈਂ ਜ਼ਿੰਮੇਵਾਰ ਸੀ। ਇਹ ਯਕੀਨੀ ਤੌਰ 'ਤੇ ਮੇਰਾ ਕਸੂਰ ਹੈ ਕਿ ਮੈਂ ਰਿਸ਼ਤੇਦਾਰ 'ਤੇ ਨਜ਼ਰ ਨਹੀਂ ਰੱਖ ਸਕਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਭਤੀਜਾ ਵੀ 130 ਕਰੋੜ ਰੁਪਏ ਨਾਲ ਫੜਿਆ ਗਿਆ ਹੈ।