ਚੰਡੀਗੜ੍ਹ : ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਇਸ ਜੰਗ 'ਚ ਹੁਣ ਅਰਵਿੰਦ ਕੇਜਰੀਵਾਲ ਨੇ ਸੀਐੱਮ ਚਰਨਜੀਤ ਚੰਨੀ 'ਤੇ ਵੱਡਾ ਹਮਲਾ ਕੀਤਾ ਹੈ। ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਦੇ ਘਰੋਂ ਕਰੋੜਾਂ ਦੀ ਬਰਾਮਦਗੀ 'ਤੇ ਕੇਜਰੀਵਾਲ ਨੇ ਕਿਹਾ ਕਿ ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ।
ਇਸ ਤੋਂ ਪਹਿਲਾਂ ਸੀਐਮ ਚੰਨੀ ਨੇ ਕਿਹਾ ਸੀ ਕਿ ਪੰਜਾਬ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਗੁਪਤ ਸਮਝੌਤਾ ਹੋਇਆ ਹੈ। ਜਿਸ ਕਾਰਨ ਕੇਜਰੀਵਾਲ ਈਡੀ ਦੀ ਕਾਰਵਾਈ ਦਾ ਸਮਰਥਨ ਕਰ ਰਹੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੋਹਾਲੀ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਚੋਰੀ ਦੇ ਦੋਸ਼ 'ਚ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਰੇਡ ਹੋ ਰਹੀ ਹੈ। 'ਆਪ' ਆਗੂ ਰਾਘਵ ਚੱਢਾ ਨੇ ਵੀ ਰੇਤ ਦੀ ਚੋਰੀ ਦਾ ਪਰਦਾਫਾਸ਼ ਕੀਤਾ ਸੀ ਪਰ ਸੀ.ਐਮ ਨੇ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਛੁਪਾ ਦਿੱਤਾ। ਰਾਘਵ ਨੇ ਕਿਹਾ ਸੀ ਕਿ ਰੇਤ ਚੋਰੀ ਵਿੱਚ ਸ਼ਾਮਲ ਮੁੱਖ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਮੰਤਰੀ ਮੰਡਲ ਵਿੱਚ ਕਈ ਮੰਤਰੀ ਰੇਤ ਮਾਫੀਆ ਹਨ। ਇਸ ਦੇ ਬਾਵਜੂਦ ਸੀਐਮ ਚੰਨੀ ਨੇ ਉਨ੍ਹਾਂ ਨੂੰ ਨਹੀਂ ਹਟਾਇਆ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਦੇਖ ਰਿਹਾ ਹੈ ਕਿ ਰੇਤ ਚੋਰੀ ਵਿੱਚ ਮੁੱਖ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਸ਼ਾਮਲ ਹੈ, ਇਹ ਬੜੇ ਦੁੱਖ ਦੀ ਗੱਲ ਹੈ।