ਅਬੋਹਰ : 2 ਹਜ਼ਾਰ ਤੋਂ 2500 ਵਿਚ ਆਉਣ ਵਾਲਾ ਬਿਜਲੀ ਦਾ ਬਿੱਲ ਜਦੋਂ ਇਸ ਵਾਰ ਸਵਾ ਲੱਖ ਰੁਪਏ ਦਾ ਆਇਆ ਤਾਂ ਇਕ ਗਰੀਬ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਮਲਾ ਉਪਮੰਡਲ ਦੇ ਪਿੰਡ ਡੰਗਰਖੇੜਾ ਦਾ ਹੈ। ਉਪਮੰਡਲ ਦੇ ਪਿੰਡ ਡੰਗਰਖੇੜਾ ਵਾਸੀ ਦੁਨੀ ਚੰਦ ਪੁੱਤਰ ਨੋਪਾ ਰਾਮ ਨੇ ਦੱਸਿਆ ਕਿ ਉਸ ਦਾ ਬਿਜਲੀ ਦਾ ਬਿੱਲ ਔਸਤਨ 2 ਹਜ਼ਾਰ ਤੋਂ 2500 ਦੇ ਵਿਚ ਆਉਂਦਾ ਸੀ। ਪਹਿਲਾਂ ਇਹ ਮੀਟਰ ਉਸ ਦੇ ਪਿਤਾ ਨੋਪਾ ਰਾਮ ਦੇ ਨਾਂ ਸੀ, ਉਸ ਨੇ ਜਦੋਂ ਤੋਂ ਇਹ ਮੀਟਰ ਆਪਣੇ ਨਾਂ ਕਰਵਾਇਆ ਹੈ, ਉਦੋਂ ਤੋਂ ਵਿਭਾਗ ਉਸ ਦੇ ਘਰ ਅਜਿਹੇ ਬਿੱਲ ਭੇਜ ਰਿਹਾ ਹੈ। ਦੁਨੀ ਚੰਦ ਨੇ ਦੱਸਿਆ ਕਿ ਪਿਛਲੀ ਵਾਰ ਉਸ ਦੇ ਘਰ ਬਿਜਲੀ ਦਾ ਬਿੱਲ 8 ਹਜ਼ਾਰ ਰੁਪਏ ਦਾ ਆਇਆ ਸੀ। ਉਸਬਿੱਲ 6 ਹਜ਼ਾਰ ਰੁਪਏ ਬਿੱਲ ਭਰਿਆ ਅਤੇ ਉਸ ਦਾ 2 ਹਜ਼ਾਰ ਬਕਾਇਆ ਰਹਿੰਦਾ ਸੀ। ਵਿਭਾਗ ਨੇ 2 ਹਜ਼ਾਰ ਬਕਾਇਆ ਭੇਜਣ ਦੀ ਬਜਾਏ 1 ਲੱਖ 23 ਹਜ਼ਾਰ 910 ਰੁਪਏ ਦਾ ਬਿੱਲ ਭੇਜ ਦਿੱਤਾ, ਜਿਸ ਨੂੰ ਵੇਖ ਕੇ ਉਸ ਦੇ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ। ਨੋਪਾ ਰਾਮ ਨੇ ਦੱਸਿਆ ਕਿ ਉਸ ਦੇ ਘਰ ਸਿਰਫ ਦੋ ਲਾਈਟਾਂ, ਇਕ ਪੱਖਾ ਅਤੇ ਇਕ ਫਰਿੱਜ ਚੱਲਦਾ ਹੈ। ਪੀੜਤ ਨੇ ਪਾਵਰਕਾਮ ਦੇ ਲਾਪ੍ਰਵਾਹ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।