ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਕਾਰਣ ਅਕਾਲੀ-ਭਾਜਪਾ ਗਠਜੋੜ ਵਿਚ ਪਈ ਤਰੇੜ ਕਾਰਣ ਹੁਣ ਗਠਜੋੜ ਵਿਚ ਤਲਵਾਰਾਂ ਮਿਆਨਾਂ 'ਚੋਂ ਖਿੱਚੀਆਂ ਜਾ ਰਹੀਆਂ ਹਨ। ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਪੰਥਕ ਮੁੱਦੇ ਖੋਹਣ ਅਤੇ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੂੰ ਭਾਜਪਾ ਵਿਚ ਸ਼ਾਮਲ ਕਰਨ ਤੋਂ ਬਾਅਦ ਬੇਸ਼ੱਕ ਅਕਾਲੀ ਦਲ ਨੇ ਪਲਟਵਾਰ ਕਰਦਿਆਂ ਹਰਿਆਣਾ ਦੇ ਵਿਧਾਨ ਸਭਾ ਹਲਕਾ ਕਾਲਾਂਵਾਲੀ ਦੇ ਆਗੂ ਰਾਜਿੰਦਰ ਸਿੰਘ ਦੇਸੂ ਜੋਧਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਅਕਾਲੀ ਦਲ ਦਾ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਪਰ ਅਕਾਲੀ ਦਲ ਹੁਣ ਇਸ ਮਾਮਲੇ ਵਿਚ ਹੋਰ ਹਮਲਾਵਰ ਹੁੰਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਕ ਇਸ ਕਾਰਣ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਅਹੁਦੇ ਤੋਂ ਕਿਸੇ ਵੀ ਸਮੇਂ ਅਸਤੀਫਾ ਦੇ ਸਕਦੇ ਹਨ। ਅਕਾਲੀ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਹਰਸਿਮਰਤ ਕੌਰ ਨੂੰ ਜੋ ਮੰਤਰਾਲਾ ਦਿੱਤਾ ਗਿਆ ਹੈ, ਉਸ ਦਾ ਪੰਜਾਬ ਨੂੰ ਕੋਈ ਸਿਆਸੀ ਲਾਭ ਵੀ ਨਹੀਂ ਮਿਲ ਰਿਹਾ। ਇਕ ਕੇਂਦਰੀ ਮੰਤਰੀ ਅਹੁਦੇ ਲਈ ਅਕਾਲੀ ਦਲ ਦੀ ਹੋਂਦ ਨੂੰ ਦਾਅ 'ਤੇ ਲਾਉਣਾ ਠੀਕ ਨਹੀਂ। ਹੁਣ ਸਮਾਂ ਆ ਗਿਆ ਹੈ ਕਿ ਅਕਾਲੀ ਦਲ ਆਪਣੇ ਵਜੂਦ ਨੂੰ ਬਚਾਉਣ ਲਈ 'ਕਰੋ ਜਾਂ ਮਰੋ' ਦੀ ਰਾਜਨੀਤੀ 'ਤੇ ਕੰਮ ਕਰਦੇ ਹੋਏ ਸਖਤ ਸਟੈਂਡ ਲਏ। ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਬਾਦਲ ਅਤੇ ਮਜੀਠੀਆ ਪਰਿਵਾਰ ਦੀ ਅਹਿਮ ਮੀਟਿੰਗ ਹੋਈ ਹੈ। ਇਸ ਵਿਚ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਗਿਆ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸਪੱਸ਼ਟ ਸਟੈਂਡ ਹੈ ਕਿ ਹੁਣ ਭੰਬਲਭੂਸੇ ਵਿਚ ਨਾ ਰਿਹਾ ਜਾਵੇ। ਅਕਾਲੀ ਦਲ ਨੂੰ ਸਪੱਸ਼ਟ ਸਟੈਂਡ ਲੈਣਾ ਚਾਹੀਦਾ ਹੈ। ਅਕਾਲੀ ਦਲ ਕੋਲ ਇਹ ਰਿਪੋਰਟ ਪਹੁੰਚ ਰਹੀ ਹੈ ਕਿ ਜੇਕਰ ਅਕਾਲੀ ਦਲ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪੰਜਾਬ ਦੇ ਕਿਸਾਨਾਂ ਅਤੇ ਸਿੱਖਾਂ ਦੇ ਮੁੱਦਿਆਂ ਸਬੰਧੀ ਸੰਘਰਸ਼ ਕਰਦਾ ਹੈ ਤਾਂ ਅਕਾਲੀ ਦਲ ਲਈ ਇਹ ਫਾਇਦੇ ਵਿਚ ਰਹੇਗਾ। ਅਕਾਲੀ ਦਲ ਨੂੰ ਹਮੇਸ਼ਾ ਉਦੋਂ ਹੀ ਸੱਤਾ ਮਿਲੀ ਹੈ ਜਦੋਂ ਉਹ ਕੇਂਦਰ ਸਰਕਾਰ ਖਿਲਾਫ ਲੜਾਈ ਲੜਦਾ ਰਿਹਾ ਹੈ। ਕੇਂਦਰ ਦੀ ਮੌਜੂਦਾ ਮੋਦੀ ਸਰਕਾਰ ਤੋਂ ਅਕਾਲੀ ਦਲ ਅਤੇ ਪੰਜਾਬ ਨੂੰ ਕੋਈ ਵੱਡਾ ਫਾਇਦਾ ਨਹੀਂ ਮਿਲ ਰਿਹਾ। ਅਕਾਲੀ ਦਲ ਨੇ ਧਾਰਾ 370 ਨੂੰ ਹਟਾਉਣ ਸਮੇਤ ਭਾਜਪਾ ਦੇ ਹਰੇਕ ਸਟੈਂਡ ਦਾ ਸਮਰਥਨ ਕੀਤਾ ਹੈ। ਭਾਜਪਾ ਨੇ ਕਦੇ ਵੀ ਬਰਗਾੜੀ ਮੁੱਦੇ 'ਤੇ ਅਕਾਲੀ ਦਲ ਦੇ ਹੱਕ ਵਿਚ ਅਵਾਜ਼ ਨਹੀਂ ਉਠਾਈ। ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਅਟੁੱਟ ਹੈ। ਪੰਜਾਬ ਦੀਆਂ 4 ਉੱਪ ਚੋਣਾਂ ਦੀ ਰਣਨੀਤੀ ਲਈ ਅਕਾਲੀ-ਭਾਜਪਾ ਤਾਲਮੇਲ ਕਮੇਟੀ ਦੀ 5 ਅਕਤੂਬਰ ਨੂੰ ਜਲੰਧਰ ਵਿਖੇ ਮੀਟਿੰਗ ਬੁਲਾਈ ਗਈ ਹੈ। ਇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਸਮੇਤ ਦੋਵਾਂ ਪਾਰਟੀਆਂ ਦੇ ਆਗੂ ਸ਼ਿਰਕਤ ਕਰਨਗੇ। ਹਰਿਆਣਾ ਵਿਧਾਨ ਸਭਾ ਚੋਣਾਂ ਦਾ ਮਸਲਾ ਵੱਖਰਾ ਹੈ। ਹਰਿਆਣਾ ਵਿਚ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਇਕੱਲਿਆਂ ਚੋਣ ਲੜਦਾ ਰਿਹਾ ਹੈ। ਪੰਜਾਬ ਦੀ ਤਰ੍ਹਾਂ ਕੇਂਦਰ ਵਿਚ ਵੀ ਅਕਾਲੀ-ਭਾਜਪਾ ਦਾ ਮਜ਼ਬੂਤ ਗਠਜੋੜ ਹੈ। ਅਜਿਹੇ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਦੀਆਂ ਅਸਤੀਫਾ ਦੇਣ ਦੀਆਂ ਖਬਰਾਂ ਬੇਬੁਨਿਆਦ ਅਤੇ ਹਕੀਕਤ ਤੋਂ ਦੂਰ ਹਨ। ਅਕਾਲੀ-ਭਾਜਪਾ ਗਠਜੋੜ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰ ਰਿਹਾ ਹੈ। ਕਾਂਗਰਸ ਨੂੰ ਇਸ ਗਠਜੋੜ ਦਾ ਡਰ ਸਤਾ ਰਿਹਾ ਹੈ। ਇਸ ਕਰ ਕੇ ਲਗਾਤਾਰ ਅਕਾਲੀ-ਭਾਜਪਾ ਗਠਜੋੜ ਬਾਰੇ ਕਾਂਗਰਸੀ ਆਗੂ ਬੇਤੁਕੇ ਬਿਆਨ ਦੇ ਰਹੇ ਹਨ।