ਨਵੀਂ ਦਿੱਲੀ : ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਰਾਜਸਥਾਨ ’ਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ-ਪੱਛਮੀ ਭਾਰਤ ’ਚ ਅਗਲੇ ਤਿੰਨ ਦਿਨ ਤੱਕ ਸੀਤ ਲਹਿਰ ਵਰਗੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ। ਉੱਤਰਾਖੰਡ ’ਚ ਅਗਲੇ ਦੋ ਦਿਨ ਅਤੇ ਪੰਜਾਬ ਤੇ ਹਰਿਆਣਾ ’ਚ 23 ਤੇ 24 ਦਸੰਬਰ ਨੂੰ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਮੈਦਾਨੀ ਇਲਾਕਿਆਂ ’ਚ ਮੰਗਲਵਾਰ ਤੱਕ ਠੰਢੀਆਂ ਅਤੇ ਖੁਸ਼ਕ ਹਵਾਵਾਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ। ਉੱਤਰ-ਪੱਛਮੀ ਭਾਰਤ ’ਚ ਰਾਜਸਥਾਨ ਦਾ ਚੁਰੂ ਸਭ ਤੋਂ ਠੰਢਾ ਇਲਾਕਾ ਰਿਹਾ ਜਿਥੇ ਘੱਟੋ ਘੱਟ ਤਾਪਮਾਨ ਮਨਫ਼ੀ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੀਕਰ ’ਚ ਪਾਰਾ ਮਨਫ਼ੀ 2.5 ਅਤੇ ਅੰਮ੍ਰਿਤਸਰ ’ਚ ਮਨਫ਼ੀ 0.5 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੇ ਹਲਵਾਰਾ ’ਚ ਤਾਪਮਾਨ 0.0 ਡਿਗਰੀ ਸੈਲਸੀਅਸ ਰਿਹਾ ਜਦਕਿ ਬਠਿੰਡਾ ’ਚ ਇਹ 0.1, ਫਰੀਦਕੋਟ ’ਚ 1, ਪਠਾਨਕੋਟ ’ਚ 1.5, ਲੁਧਿਆਣਾ ’ਚ 5.1, ਪਟਿਆਲਾ ’ਚ 4.6, ਗੁਰਦਾਸਪੁਰ ’ਚ 2.4 ਅਤੇ ਚੰਡੀਗੜ੍ਹ ’ਚ 3.2 ਡਿਗਰੀ ਸੈਲਸੀਅਸ ਰਿਹਾ।