ਚੰਡੀਗੜ੍ਹ : ਕੋਵਿਡ ਦੇ ਵੱਧਦੇ ਮਾਮਲਿਆਂ ਨਾਲ ਹੀ ਪੀ. ਜੀ. ਆਈ. ਦੀ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਦਾ ਵੀ ਹੁਣ ਕੋਵਿਡ ਟੈਸਟ ਹੋਵੇਗਾ ਪਰ ਸਿਰਫ 2 ਵਿਭਾਗ ਈ. ਐੱਨ. ਟੀ. ਅਤੇ ਪਲਮੋਨੋਲਾਜੀ ਵਿਭਾਗ ਦੇ ਮਰੀਜ਼ਾਂ ਦਾ ਹੀ ਕੋਵਿਡ ਟੈਸਟ ਆਰ. ਟੀ. ਪੀ. ਸੀ. ਆਰ. ਅਤੇ ਰੈਪਿਡ ਹੋਵੇਗਾ। ਇਸ ਤੋਂ ਬਾਅਦ ਉਹ ਡਾਕਟਰਾਂ ਤੋਂ ਚੈੱਕਅਪ ਕਰਵਾ ਸਕਣਗੇ। ਪੀ. ਜੀ. ਆਈ. ਦੀ ਓ. ਪੀ. ਡੀ. ਦੇ ਇੰਚਾਰਜ ਨਵੀ ਪੰਡਤ ਨੇ ਦੱਸਿਆ ਕਿ ਪੀ. ਜੀ. ਆਈ. ਦੀ ਓ. ਪੀ. ਡੀ. 'ਚ ਕੋਵਿਡ ਤੋਂ ਪਹਿਲਾਂ ਦੀ ਤਰ੍ਹਾਂ ਹੀ ਹੁਣ ਮਰੀਜ਼ਾਂ ਦੀ ਗਿਣਤੀ ਹੋ ਗਈ ਹੈ।
ਅਜਿਹੇ 'ਚ ਸਾਰੇ ਮਰੀਜ਼ਾਂ ਦਾ ਟੈਸਟ ਕਰਕੇ ਉਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰਾਂ ਕੋਲ ਭੇਜਿਆ ਜਾਵੇ, ਉਹ ਬਹੁਤ ਮੁਸ਼ਕਲ ਹੈ। ਅਜਿਹੇ 'ਚ ਅਸੀਂ ਇਨ੍ਹਾਂ ਦੋ ਵਿਭਾਗਾਂ ਨੂੰ ਚੁਣਿਆ ਹੈ। ਇਨ੍ਹਾਂ 'ਚ ਆਉਣ ਵਾਲੇ ਮਰੀਜ਼ਾਂ ਦਾ ਹੀ ਕੋਵਿਡ ਟੈਸਟ ਹੋਵੇਗਾ। ਇਨ੍ਹਾਂ ਦੋਹਾਂ ਵਿਭਾਗਾਂ 'ਚ ਮਰੀਜ਼ਾਂ ਦਾ ਸੰਪਰਕ ਡਾਕਟਰਾਂ ਦੇ ਬਹੁਤ ਨਜ਼ਦੀਕ ਰਹਿੰਦਾ ਹੈ। ਅਜਿਹੇ 'ਚ ਟੈਸਟ ਜ਼ਰੂਰੀ ਹੋ ਜਾਂਦਾ ਹੈ।
ਡਾਕਟਰਾਂ ਦੀਆਂ ਮੰਨੀਏ ਤਾਂ ਨਵੇਂ ਵੇਰੀਐਂਟ ਬਾਰੇ ਅਜੇ ਵੀ ਬਹੁਤ ਘੱਟ ਜਾਣਕਾਰੀ ਹੈ। ਇਸ ’ਤੇ ਵੈਕਸੀਨ ਬੇਅਸਰ ਹੈ ਜਾਂ ਨਹੀਂ, ਇਹ ਰਿਸਰਚ ਦਾ ਵਿਸ਼ਾ ਹੈ। ਨਵੇਂ ਵੇਰੀਐਂਟ ਨੇ ਕਮਜ਼ੋਰ ਇਮਿਊਨਿਟੀ ਵਾਲੇ ਵਿਅਕਤੀ ’ਚ ਮਿਊਟੈਂਟ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਹੈ।
ਅਜਿਹੇ ’ਚ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਈ ਹੈ, ਉਨ੍ਹਾਂ ਨੂੰ ਤੁਰੰਤ ਦੋਵੇਂ ਡੋਜ਼ ਲੈਣੀਆਂ ਚਾਹੀਦੀਆਂ ਹਨ। ਪੀ. ਜੀ. ਆਈ. ਕਮਿਊਨਿਟੀ ਮੈਡੀਸਿਨ ਵਿਭਾਗ ਦੀ ਪ੍ਰੋ. ਪੀ. ਵੀ. ਐੱਸ. ਲਕਸ਼ਮੀ ਦੀ ਮੰਨੀਏ ਤਾਂ ਕੋਵਿਡ ਪ੍ਰੋਟੋਕਾਲ ਨੂੰ ਅਣਗੌਲਿਆਂ ਕਰਨਾ ਵੱਡੀ ਲਾਪਰਵਾਹੀ ਬਣ ਸਕਦੀ ਹੈ। ਸ਼ੁਰੂਆਤੀ ਲੱਛਣਾਂ ਨੂੰ ਅਣਗੌਲਿਆਂ ਨਾ ਕਰੋ। ਨਾਲ ਹੀ ਮਾਸਕ ਅਤੇ ਸੋਸ਼ਲ ਗੈਦਰਿੰਗ ਤੋਂ ਜਿਨ੍ਹਾਂ ਹੋ ਸਕੇ, ਓਨਾ ਬਚਣ ਦੀ ਕੋਸ਼ਿਸ਼ ਕਰੋ।