ਨਵੀਂ ਦਿੱਲੀ : ਮਾਮਲਾ ਦਿੱਲੀ ਦੇ ਮਧੂ ਵਿਹਾਰ ਇਲਾਕੇ ਦਾ ਹੈ, ਜਿਸ ਵਿਚ ਆਈਪੀ ਐਕਸਟੈਂਸ਼ਨ ਸਥਿਤ ਜੈ ਲਕਸ਼ਮੀ ਅਪਾਰਟਮੈਂਟ ਵਿਚ ਇਕ ਪਾਲਤੂ ਜਰਮਨ ਸ਼ੈਫਰਡ ਕੁੱਤੇ ਨੇ ਕੜਕੜਡੂਮਾ ਕੋਰਟ ਦੇ ਜੱਜ ਨੂੰ ਵੱਢ ਲਿਆ। ਜੱਜ ਨੇ ਕੁੱਤਾ ਪਾਲਣ ਵਾਲੀ ਔਰਤ ਨੂੰ ਸ਼ਿਕਾਇਤ ਕੀਤੀ ਤਾਂ ਔਰਤ ਨੇ ਉਨ੍ਹਾਂ ਨੂੰ ਕਹਿ ਦਿੱਤਾ ਬਸ ਹਲਕੀ ਜਿਹੀ ਖਰੋਚ ਹੀ ਤਾਂ ਹੈ ਤੇ ਕੁੱਤੇ ਨੂੰ ਲੈ ਕੇ ਉੱਥੋਂ ਚਲਦੀ ਬਣੀ। ਜੱਜ ਜਦੋਂ ਆਪਣੇ ਘਰ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਪੱਟ ਤੋਂ ਖ਼ੂਨ ਨਿਕਲ ਰਿਹਾ ਹੈ, ਉਨ੍ਹਾਂ ਨੇ ਫੋਨ ਕਰ ਕੇ ਪੁਲਿਸ ਬੁਲਾ ਲਈ।
ਪੁਲਿਸ ਨੇ ਉਨ੍ਹਾਂ ਨੂੰ ਐੱਲਬੀਐੱਸ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਉਨ੍ਹਾਂ ਨੂੰ ਆਰਐੱਮਐੱਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਤੋਂ ਬਾਅਦ ਜੱਜ ਨੂੰ ਛੁੱਟੀ ਦੇ ਦਿੱਤੀ। ਜੱਜ ਅਰਵਿੰਦ ਦੇਵ ਦੀ ਸ਼ਿਕਾਇਤ ’ਤੇ ਪੁਲਿਸ ਨੇ ਕੁੱਤੇ ਨੂੰ ਰੱਖਣ ਵਾਲੀ ਰਿੱਤੂ ਸੇਠੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੁੱਤੇ ਦੁਆਾਰ ਵੱਢਣ ਦੀ ਪੂਰੀ ਵਾਰਦਾਤ ਸੁਸਾਇਟੀ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।