ਮਦੁਰੈ: ਮਦੁਰੈ ਹਵਾਈ ਅੱਡੇ ਤੋਂ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਇੱਥੇ ਪਹੁੰਚੇ ਤਿੰਨ ਵਿਅਕਤੀਆਂ ਕੋਲੋਂ ਕੁੱਲ 23 ਰਾਈਫਲਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਰਾਈਫਲਾਂ ਦੀ ਵਰਤੋਂ ਨਿਸ਼ਾਨੇਬਾਜ਼ੀ ਵਰਗੇ ਪ੍ਰੋਗਰਾਮਾਂ ਲਈ ਕੀਤੀ ਜਾਂਦੀ ਹੈ। ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਤਿੰਨਾਂ ਯਾਤਰੀਆਂ ਦੇ ਬੈਗਾਂ 'ਚ ਰਾਈਫਲਾਂ ਸਨ ਅਤੇ ਉਹ 2 ਦਿਨ ਪਹਿਲਾਂ ਇੱਥੇ ਪਹੁੰਚੇ ਸਨ। ਇਨ੍ਹਾਂ ਦੀ ਕੀਮਤ 17.1 ਲੱਖ ਰੁਪਏ ਦੱਸੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕੇਰਲ ਦੇ ਇਨ੍ਹਾਂ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਦੇਸ਼ 'ਚ ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਹਿੱਸਾ ਲੈਣ ਲਈ ਆਏ ਹਨ। ਹਾਲਾਂਇਕ ਉਨ੍ਹਾਂ ਕੋਲ ਅਜਿਹੇ ਕੋਈ ਦਸਤਾਵੇਜ਼ ਨਹੀਂ ਮਿਲੇ, ਜਿਸ 'ਚ ਉਨ੍ਹਾਂ ਨੂੰ ਰਾਈਫਲ ਲਿਜਾਉਣ ਦੀ ਮਨਜ਼ੂਰੀ ਹੋਵੇ। ਦੋਸ਼ੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਨੈਸ਼ਨਲ ਰਾਈਫਲ ਐਸੋਸੀਏਸ਼ਨ 'ਚ ਰਜਿਸਟਰੇਸ਼ਨ ਕਰਵਾਇਆ ਹੈ ਪਰ ਜਾਂਚ ਦੌਰਾਨ ਪਾਇਆ ਗਿਆ ਕਿ ਯਾਤਰੀਆਂ ਨੇ ਕਿਸੇ ਐਸੋਸੀਏਸ਼ਨ ਤੋਂ ਕੋਈ ਰਜਿਸਟਰੇਸ਼ਨ ਨਹੀਂ ਕਰਵਾਇਆ ਸੀ। ਇਸ ਤੋਂ ਬਾਅਦ ਤਿੰਨਾਂ ਨੂੰ ਹਿਰਾਸਤ 'ਚ ਲੈ ਕੇ ਰਾਈਫਲਾਂ ਜ਼ਬਤ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅੱਗੇ ਦੀ ਜਾਂਚ ਚੱਲ ਰਹੀ ਹੈ।