ਪਰਿਵਾਰ ਦੇ ਦੋ ਮੈਂਬਰ ਵੀ ਮਾਰੇ ਗਏ, ਸੀਐੱਮ ਬੀਰੇਨ ਸਿੰਘ ਨੇ ਪ੍ਰਗਟਾਇਆ ਦੁੱਖ
ਇੰਫਾਲ : ਅੱਜ ਮਣੀਪੁਰ ਦੇ ਚੁਰਾਚੰਦਪੁਰ 'ਚ ਅਣਪਛਾਤੇ ਅੱਤਵਾਦੀਆਂ ਵਲੋਂ ਇਕ ਕਰਨਲ, ਉਸ ਦੇ ਪਰਿਵਾਰ ਦੇ ਆਸਾਮ ਰਾਈਫਲਜ਼ ਦੇ ਮੈਂਬਰਾਂ 'ਤੇ ਭਿਆਨਕ ਹਮਲਾ ਕੀਤਾ ਗਿਆ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਕਰਨਲ ਦੀ ਗੱਡੀ ਦੇ ਡਰਾਈਵਰ ਨੂੰ ਵੀ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੇਹਕੇਨ ਪਿੰਡ ਦੇ ਨੇੜੇ ਵਾਪਰੀ, ਜਦੋਂ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਅਸਾਮ ਰਾਈਫਲਜ਼ ਦੇ ਕਰਨਲ ਦੇ ਕਾਫਲੇ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਦੀ ਪਤਨੀ, ਉਸ ਦੇ ਪੁੱਤਰ ਅਤੇ ਤਿੰਨ ਤੇਜ਼ ਪ੍ਰਤੀਕਿਰਿਆ ਟੀਮ ਦੇ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅੱਤਵਾਦੀਆਂ ਨੇ ਕਾਫਲੇ 'ਤੇ ਉਸ ਸਮੇਂ ਹਮਲਾ ਕੀਤਾ ਜਦੋਂ ਅਸਾਮ ਰਾਈਫਲਜ਼ ਦੀ 46ਵੀਂ ਬਟਾਲੀਅਨ ਦੇ ਕਰਨਲ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਚੂਰਾਚੰਦਪੁਰ 'ਚ ਇਕ ਨਾਗਰਿਕ ਐਕਸ਼ਨ ਪ੍ਰੋਗਰਾਮ ਦੀ ਨਿਗਰਾਨੀ ਕਰਨ ਲਈ ਜਾ ਰਹੇ ਸਨ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਨੀਪੁਰ ਹਮਲੇ ਦੀ ਕੀਤੀ ਨਿੰਦਾ, ਕਿਹਾ- ਦੋਸ਼ੀਆਂ ਨੂੰ ਮਿਲੇਗੀ ਸਜ਼ਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਣੀਪੁਰ ਦੇ ਚੁਰਾਚੰਦਪੁਰ 'ਚ ਅਸਾਮ ਰਾਈਫਲਜ਼ ਦੇ ਕਾਫਲੇ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, "ਆਸਾਮ ਰਾਈਫਲਜ਼ ਦੇ ਕਾਫਲੇ 'ਤੇ ਕਾਇਰਾਨਾ ਹਮਲਾ ਬੇਹੱਦ ਦਰਦਨਾਕ ਅਤੇ ਨਿੰਦਣਯੋਗ ਹੈ। ਦੁਖੀ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।"
ਮੁੱਖ ਮੰਤਰੀ ਬੀਰੇਨ ਸਿੰਘ ਨੇ ਵੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ
ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਟਵੀਟ ਕਰਕੇ ਇਸ ਘਟਨਾ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ 46 ਅਸਾਮ ਰਾਈਫਲਜ਼ ਦੇ ਕਾਫ਼ਲੇ 'ਤੇ ਕਾਇਰਾਨਾ ਹਮਲੇ ਦੀ ਸਖ਼ਤ ਨਿਖੇਧੀ ਕਰਦੇ ਹਾਂ ਜਿਸ ਵਿੱਚ ਸੀਓ ਅਤੇ ਉਸਦੇ ਪਰਿਵਾਰ ਸਮੇਤ ਕੁਝ ਕਰਮਚਾਰੀ ਮਾਰੇ ਗਏ ਸਨ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।