ਲੁਧਿਆਣਾ: ਬੇਅਦਬੀ ਮਾਮਲੇ ਵਿੱਚ ਲੁਧਿਆਣਾ ਕਮਿਸ਼ਨਰੇਟ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਨਿਲ ਅਰੋੜਾ ਦੇ ਸਾਥੀ ਨੂੰ ਇੱਕ ਆਡੀਓ ਕਲਿਪ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਵਾਸੂ ਸਿਆਲ ਵਾਸੀ ਜ਼ੀਰਾ (ਫ਼ਿਰੋਜ਼ਪੁਰ) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਵਾਸੂ ਤੋਂ ਪੁੱਛਗਿੱਛ ਦੌਰਾਨ ਅਨਿਲ ਅਰੋੜਾ ਦੇ ਠਿਕਾਣਿਆਂ ਬਾਰੇ ਅਹਿਮ ਜਾਣਕਾਰੀ ਮਿਲੀ ਹੈ ਅਤੇ ਉਹ ਉਸ ਨੂੰ ਗ੍ਰਿਫ਼ਤਾਰ ਕਰਨ ਦੇ ਬਹੁਤ ਨੇੜੇ ਹੈ। ਉਸ ਦੇ ਪਿੱਛੇ ਏਡੀਸੀਪੀ (ਡੀ) ਜਗਤਪ੍ਰੀਤ ਸਿੰਘ, ਸਪੈਸ਼ਲ ਬਰਾਂਚ ਦੇ ਮੁਖੀ ਇੰਸਪੈਕਟਰ ਬੇਅੰਤ ਜੁਨੇਜਾ, ਸੀਆਈਏ ਸਟਾਫ਼ ਮੁਖੀ ਹਰਮਿੰਦਰ ਸਿੰਘ ਅਤੇ ਹੋਰਾਂ ਦੀ ਅਗਵਾਈ ਵਿੱਚ ਕਈ ਪੁਲਿਸ ਟੀਮਾਂ ਹਨ। ਫਿਲਹਾਲ ਵਾਸੂ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ 'ਚ ਹੋਰ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਜਾਵੇਗਾ। ਦੱਸ ਦੇਈਏ ਕਿ ਇਸ ਮਾਮਲੇ 'ਚ ਪਹਿਲੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।