ਬੀਜਿੰਗ: ਚੀਨ ਦੇ ਵੁਹਾਨ ਸ਼ਹਿਰ ਵਿੱਚ ਸ਼ੁਰੂਆਤੀ ਦਿਨਾਂ ਵਿੱਚ ਕੋਵਿਡ ਦੀਆਂ ਖਬਰਾਂ ਕਵਰ ਕਰਨ ਲਈ ਜੇਲ੍ਹ ਵਿੱਚ ਬੰਦ, 38 ਸਾਲ ਦੀ Zhang Zhan ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਭੁੱਖ ਹੜਤਾਲ ‘ਤੇ ਹੈ, ਜਿਸ ਦੇ ਚਲਦਿਆਂ ਉਸ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ।
Zhan ਫਰਵਰੀ 2020 ਵਿੱਚ ਕੋਰੋਨਾਵਾਇਰਸ ਦੇ ਕੇਂਦਰ ਵੁਹਾਨ ਸ਼ਹਿਰ ਪਹੁੰਚੀ ਸੀ ਅਤੇ ਉਥੋਂ ਦੀ ਸਥਿਤੀ ਨੂੰ ਰਿਪੋਰਟ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਅਧਿਕਾਰੀਆਂ ਨੂੰ ਸਵਾਲ ਕੀਤੇ ਸਨ ਕਿ ਉਹ ਇਸ ਸਥਿਤੀ ਨਾਲ ਨਜਿੱਠਣ ਲਈ ਕੀ ਤਿਆਰੀ ਕਰ ਰਹੇ ਹਨ। ਉਸ ਨੇ ਆਪਣੇ ਸਮਾਰਟਫੋਨ ਵਿੱਚ ਇਸਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਸੀ।
Zhan ਨੂੰ ਮਈ 2020 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਦਸੰਬਰ ਵਿੱਚ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ‘ਤੇ ਦੋਸ਼ ਸਨ ਕਿ ਉਸ ਨੇ ਲੜਾਈ ਸ਼ੁਰੂ ਕੀਤੀ ਅਤੇ ਮੁਸ਼ਕਲਾਂ ਵਧਾਉਣ ਦੀ ਕੋਸ਼ਿਸ਼ ਕੀਤੀ। Zhang Zhan ਦੇ ਭਰਾ Zhang Ju ਨੇ ਪਿਛਲੇ ਹਫ਼ਤੇ ਟਵਿਟਰ ‘ਤੇ ਲਿਖਿਆ ਸੀ: ਮੇਰੀ ਭੈਣ ਦਾ ਭਾਰ ਕਾਫ਼ੀ ਘੱਟ ਹੋ ਗਿਆ ਹੈ ਅਤੇ ਉਹ ਜ਼ਿਆਦਾ ਸਮਾਂ ਤੱਕ ਜ਼ਿੰਦਾ ਨਹੀਂ ਰਹਿ ਸਕੇਗੀ। Zhan ਦੀ ਲੀਗਲ ਟੀਮ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਮੀਡਿਆ ਏਜੰਸੀ ਨੂੰ ਦੱਸਿਆ ਸੀ ਕਿ ਉਹ ਭੁੱਖ ਹੜਤਾਲ ‘ਤੇ ਹੈ ਅਤੇ ਉਸ ਨੂੰ ਨੱਕ ਵਿੱਚ ਪਾਈਪ ਪਾ ਕੇ ਖਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। Zhan ਦੀ ਲੀਗਲ ਟੀਮ ਦੇ ਕੋਲ ਫਿਲਹਾਲ ਉਸ ਦੀ ਹਾਲਤ ਸਬੰਧੀ ਕੋਈ ਤਾਜ਼ਾ ਜਾਣਕਾਰੀ ਨਹੀਂ ਹੈ।