ਚੰਡੀਗੜ੍ਹ: ਕੈਪਟਨ ਅਮਰਿੰਦਰ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਨੂੰ ਹੀ ਹਥਿਆਰ ਬਣਾ ਕੇ ਸਿਆਸਤ ਵਿੱਚ ਨਵੇਂ ਸਿਰਿਓਂ ਉੱਤਰਣ ਦਾ ਦਾਅ ਖੇਡਿਆ ਜਾ ਰਿਹਾ ਹੈ। ਕੈਪਟਨ ਨੇ ਇੱਕ ਇੰਟਰਵਿਊ 'ਚ ਸੰਕੇਤ ਦਿੱਤਾ ਕਿ ਦਿੱਲੀ 'ਚ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ 'ਚ ਚੱਲ ਰਿਹਾ ਕਿਸਾਨੀ ਅੰਦੋਲਨ ਛੇਤੀ ਹੀ ਕਿਸੇ ਨਤੀਜੇ ਵੱਲ ਵਧ ਸਕਦਾ ਹੈ। ਇਸ 'ਚ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇਗੀ। ਉਨ੍ਹਾਂ ਕਿਹਾ ਕਿ ਉਹ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਦੇ ਹੱਲ ਹੋਣ ਤੋਂ ਬਾਅਦ ਹੀ ਭਾਜਪਾ ਨਾਲ ਗੱਠਜੋੜ ਕਰਨਗੇ। ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ 'ਚ ਨਵੀਂ ਪਾਰਟੀ ਬਣਾਉਣਗੇ ਅਤੇ ਉਹ 4 ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਕੈਪਟਨ ਨੇ ਸਪਸ਼ਟ ਕੀਤਾ ਹੈ ਕਿ ਇਸ ਨਵੇਂ ਗਠਜੋੜ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਧੜੇ ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਸਹੀ ਹੱਲ ਲੱਭਣਾ ਜ਼ਰੂਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੀਜੇਪੀ ਵੱਲੋਂ ਇਹ ਰਣਨੀਤੀ ਪਹਿਲਾਂ ਹੀ ਘੜੀ ਜਾ ਚੁੱਕੀ ਸੀ। ਸਿਰਫ ਕੈਪਟਨ ਦੀ ਹਾਂ ਉਡੀਕੀ ਜਾ ਰਹੀ ਸੀ। ਹੁਣ ਕੈਪਟਨ ਤੇ ਬੀਜੇਪੀ ਵਿਚਾਲੇ ਸਭ ਕੁਝ ਤੈਅ ਹੋ ਗਿਆ ਹੈ।