ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਦਰਮਿਆਨ ਮੀਟਿੰਗ ਅੱਧੀ ਰਾਤ ਤੋਂ ਬਾਅਦ ਤੱਕ ਜਾਰੀ ਰਹੀ। ਮੀਟਿੰਗ ਤੋਂ ਨਿਕਲ ਕੇ ਨਵਜੋਤ ਸਿੱਧੂ ਮੀਡੀਆ ਨਾਲ ਬਿਨਾਂ ਕੋਈ ਗੱਲ ਕੀਤਿਆਂ ਹੀ ਰਵਾਨਾ ਹੋ ਗਏ। ਇਸ ਮਗਰੋਂ ਵੀ ਚੰਨੀ ਦੀ ਹੋਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਦੇਰ ਰਾਤ ਤਕ ਚਲਦੀ ਰਹੀ। ਦਰਅਸਲ ਸਿੱਧੂ ਦੇ ਜਾਣ ਤੋਂ ਬਾਅਦ ਘੰਟਾ ਬਾਅਦ ਤੱਕ ਚੰਨੀ ਤੇ ਪੰਜਾਬ ਕਾਂਗਰਸ ਦੇ ਕੋਆਰਡੀਨੇਟਰ ਹਰੀਸ਼ ਚੌਧਰੀ ਵਿਚਾਲੇ ਮੀਟਿੰਗ ਚਲਦੀ ਰਹੀ। ਸੂਤਰਾਂ ਦੇ ਮੁਤਾਬਕ ਸਿੱਧੂ ਨੇ ਜਿਹੜਾ 13 ਨੁਕਾਤੀ ਪੱਤਰ ਸੋਨੀਆ ਗਾਂਧੀ ਨੂੰ ਲਿਖਿਆ ਹੈ, ਮੀਟਿੰਗ ਵਿਚ ਉਹਨਾਂ ਉਹ ਨੁਕਤੇ ਪੂਰੇ ਕਰਨ ਲਈ ਸਰਕਾਰ ’ਤੇ ਦਬਾਅ ਬਣਾਇਆ ਪਰ ਚੰਨੀ ਵੱਲੋਂ ਕਿਸੇ ਵੀ ਤਰੀਕੇ ਦੇ ਦਬਾਅ ਹੇਠ ਆਉਣ ਤੋਂ ਨਾਂਹ ਕਰਦਿਆਂ ਕਿਹਾ ਗਿਆ ਕਿ ਸਰਕਾਰ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ ਤੇ ਸਿੱਧੂ ਜਥੇਬੰਦੀ ਦੀ ਮਜ਼ਬੂਤੀ ਵੱਲ ਧਿਆਨ ਦੇਣ। ਮੀਟਿੰਗ ਮਗਰੋਂ ਚੰਨੀ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਕੀਤੀ ਤੇ ਕਿਹਾ ਕਿ ਕਿਸੇ ਵੀ ਤਰੀਕੇ ਦੀ ਧੜੇਬੰਦੀ ਨਹੀਂ ਹੈ ਤੇ ਅਸੀਂ ਸਾਰੇ ਇਕਜੁੱਟ ਹਾਂ।