ਪੰਜਾਬ ‘ਤੇ ਭਾਜਪਾ (BJP) ਕਬਜ਼ਾ ਕਰਨਾ ਚਾਹੁੰਦੀ ਹੈ : ਪ੍ਰਗਟ ਸਿੰਘ
ਚੰਡੀਗੜ੍ਹ : ਬੀਐਸਐਫ ਦੇ ਅਧਿਕਾਰਤ ਖੇਤਰ ਨੂੰ ਵਧਾਉਣ ਨੂੰ ਲੈ ਕੇ ਸਿਆਸਤ ਤੇਜ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਕੇਂਦਰ ਵਿੱਚਲੀ ਬੀਜੇਪੀ ਸਰਕਾਰ ਦੀ ਪਿੱਠ ਥਾਪੜੀ ਹੈ। ਇੱਕ ਪਾਸੇ ਬੀਐਸਐਫ ਨੂੰ ਵਾਧੂ ਤਾਕਤਾਂ ਦੇਣ ਦੇ ਫੈਸਲੇ ਖਿਲਾਫ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਡਟ ਗਈਆਂ ਹਨ ਪਰ ਕੈਪਟਨ ਨੇ ਕੇਂਦਰ ਦੇ ਫੈਸਲੇ ਦੀ ਡਟ ਕੇ ਹਮਾਇਤ ਕੀਤੀ ਹੈ। ਇਸ ਲਈ ਸੋਸ਼ਲ ਮੀਡੀਆ ਉਪਰ ਕੈਪਟਨ ਦੀ ਅਲੋਚਨਾ ਵੀ ਹੋ ਰਹੀ ਹੈ। ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ਮਾਮਲੇ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬੀਐੱਸਐੱਫ ਦੇ ਸੁਰੱਖਿਆ ਖੇਤਰ ਨੂੰ ਵਧਾਉਣ ਦਾ ਮਤਲਬ ਅੱਧੇ ਪੰਜਾਬ ‘ਤੇ ਭਾਜਪਾ ਵੱਲੋਂ ਕਬਜ਼ਾ ਕਰਨਾ ਹੈ। ਇਸ ਮੌਕੇ ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਸਿੱਧਾ ਸਿਆਸੀ ਹਮਲਾ ਕੀਤਾ। ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕੈਪਟਨ ‘ਤੇ ਸਾਜ਼ਿਸ਼ਾਂ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਕੈਪਟਨ ਭਾਜਪਾ ਨਾਲ ਮਿਲ ਕੇ ਪੰਜਾਬ ਖਿਲਾਫ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਤਾਂ ਹਮੇਸ਼ਾ ਤੋਂ ਹੀ ਭਾਜਪਾ ਦੇ ਨਾਲ ਸੀ। ਕੈਪਟਨ ਦੇ ਦਿੱਲੀ ਦੌਰੇ ਬਾਰੇ ਪ੍ਰਗਟ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਜਦੋਂ ਕੈਪਟਨ ਦਿੱਲੀ ਗਏ ਸਨ ਤਾਂ ਝੋਨੇ ਦੀ ਖਰੀਦ ਵਿਚ ਦੇਰੀ ਕਰਵਾ ਕੇ ਆਏ ਸਨ ਤੇ ਹੁਣ ਜਦੋਂ ਦੂਜੀ ਵਾਰ ਗਏ ਉਦੋਂ ਬੀਐੱਸਐੱਫ ਅਧਿਕਾਰਾਂ ਵਿਚ ਇਜਾਫਾ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਵਾਉਣਾ ਚਾਹੁੰਦੇ ਹਨ। ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਦੀਆਂ ਇਨ੍ਹਾਂ ਨਾਕਾਮ ਕੋਸ਼ਿਸ਼ਾਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ।ਇਸ ਮੌਕੇ ਪ੍ਰਗਟ ਸਿੰਘ ਨਾਲ ਵਿਜੈਇੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਸੰਘੀ ਢਾਂਚੇ ਨੂੰ ਢਾਹ ਲਗਾਵੇਗਾ ਤੇ ਕੇਂਦਰ ਸੂਬਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਧਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਮਾਮਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ ਕਿਉਂਕਿ ਉਨ੍ਹਾਂ ਨੇ 5 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਸਰਹੱਦਾਂ ਨੂੰ ਸੀਲ ਕੀਤੇ ਜਾਣ ਦੀ ਮੰਗ ਕੀਤੀ ਸੀ। ਹੁਣ ਉਸ ਮੀਟਿੰਗ ਨੂੰ ਕੇਂਦਰ ਦੇ ਤਾਜ਼ਾ ਫੈਸਲੇ ਨਾਲ ਜੋੜਿਆ ਜਾ ਰਿਹਾ ਹੈ।