ਮੋਰਿੰਡਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਤ ਡੇਢ ਵਜੇ ਮੋਰਿੰਡਾ ਸਥਿਤ ਅਪਣੀ ਰਿਹਾਇਸ਼ ’ਤੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹਾਜ਼ਰ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਦਰਅਸਲ ਉਨ੍ਹਾਂ ਰਾਤ ਡੇਢ ਵਜੇ ਆਪਣੀ ਮੋਰਿੰਡਾ ਰਿਹਾਇਸ਼ ’ਤੇ ਪਹੁੰਚ ਕੇ ਸਥਾਨਕ ਕੌਂਸਲਰਾਂ ਅਤੇ ਕਾਂਗਰਸੀ ਵਰਕਰਾਂ ਸਮੇਤ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਥਾਨਕ ਰਾਣਾ ਪ੍ਰਤਾਪ ਚੌਕ ਤੋਂ ਅੰਡਰਬ੍ਰਿਜ ਤਕ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਸ਼ਹਿਰ ਵਿਚ ਸੀਵਰੇਜ ਪਾਉਣ ਦੇ ਕੰਮ ਨੂੰ ਜਲਦੀ ਸ਼ੁਰੂ ਕਰਨ ਦੇ ਨਾਲ-ਨਾਲ ਹੋਰਨਾਂ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਮੁੱਖ ਮੰਤਰੀ ਚੰਨੀ ਦੇ ਓ. ਐੱਸ. ਡੀ. ਸਨੂੰ ਦੱਤ, ਡਿਪਟੀ ਕਮਿਸ਼ਨਰ ਸੋਲਾਨੀ ਗਿਰੀ, ਐੱਸ. ਐੱਸ. ਪੀ., ਤਹਿਸੀਲਦਾਰ ਅਮਨਦੀਪ ਚਾਵਲਾ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਅਤੇ ਕਾਰਜਸਾਧਕ ਅਫਸਰ ਅਸ਼ੋਕ ਪੱਥਰੀਆ ਆਦਿ ਹਾਜ਼ਰ ਸਨ।