ਉੱਤਰ ਪ੍ਰਦੇਸ਼ : ਲਖੀਮਪੁਰ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਕਿਸਾਨਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਘਟਨਾ ਦਾ ਜ਼ਾਇਜਾ ਲੈਣ ਲਈ ਪੰਜਾਬ ਦੇ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ (Deputy CM Sukhjinder Singh Randhawa) ਅਪਣੇ ਸਾਥੀਆਂ ਨਾਲ ਲਖੀਮਪੁਰ ਗਏ ਸਨ ਜਿੱਥੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੁਲਬੀਰ ਜ਼ੀਰਾ ਨੇ ਅਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਦਿੱਤੀ।
ਉਹਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਹਾਰਨਪੁਰ ਦੀ ਪੁਲਿਸ ਚੌਂਕੀ ਸ਼ਹਾਜਹਾਪੁਰ ਵਿਖੇ ਲਜਾਇਆ ਗਿਆ ਹੈ। ਦੱਸ ਦਈਏ ਕਿ ਜਦੋਂ ਡਿਪਟੀ ਸੀਐੱਮ ਨੇ ਲਖੀਮਪੁਰ ਜਾਣ ਦੀ ਗੱਲ ਕੀਤੀ ਸੀ ਤਾਂ ਉੱਤਰ ਪ੍ਰਦੇਸ਼ ਸਰਕਾਰ ਨੇ ਧਾਰਾ 144 ਲਾਗੂ ਹੋਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਨੂੰ ਲਖੀਮਪੁਰ ਖੀਰੀ ਵਿਖੇ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਧਾਰਾ 144 ਲੱਗੀ ਹੋਣ ਕਰ ਕੇ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ ਪਰ ਇਸ ਦੇ ਬਾਵਜੂਦ ਵੀ ਸੁਖਜਿੰਦਰ ਰੰਧਾਵਾ ਲਖੀਮਪੁਰ ਰਵਾਨਾ ਹੋ ਗਏ ਤੇ ਉਹਨਾਂ ਨੇ ਜਾਂ ਤੋਂ ਪਹਿਲਾਂ ਕਿਹਾ ਕਿ ਉਹ ਲਖੀਮਪੁਰ ਜ਼ਰੂਰ ਜਾਣਗੇ ਫਿਰ ਚਾਹੇ ਉਹਨਾਂ ਨੂੰ ਗ੍ਰਿਫ਼ਤਾਰ ਹੀ ਕਿਉਂ ਨਾ ਹੋਣਾ ਪਵੇ।
ਇਸ ਦੇ ਨਾਲ ਹੀ ਜਦੋਂ ਉਹ ਰਵਾਨਾ ਹੋਏ ਤੇ ਹਰਿਆਣਾ-ਯੂ.ਪੀ ਬਾਰਡਰ 'ਤੇ ਪਹੁੰਚੇ ਤਾਂ ਉਹਨਾਂ ਨੂੰ ਕਾਫ਼ਲੇ ਸਮੇਤ ਹਰਿਆਣਾ-ਯੂ. ਪੀ. ਬਾਰਡਰ 'ਤੇ ਰੋਕ ਲਿਆ ਗਿਆ ਹੈ। ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਸੁਖਜਿੰਦਰ ਰੰਧਾਵਾ (Deputy CM Sukhjinder Singh Randhawa) ਦੇ ਨਾਲ ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜ਼ੀਰਾ ਵੀ ਮੌਜੂਦ ਹਨ।
ਇਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਕਾਫ਼ਲੇ ਸਮੇਤ ਉੱਥੇ ਹੀ ਧਰਨਾ ਲਾ ਕੇ ਬੈਠ ਗਏ। ਇਸ ਬਾਰੇ ਗੱਲ ਕਰਦਿਆਂ ਸੁਖਜਿੰਦਰ ਰੰਧਾਵਾ (Deputy CM Sukhjinder Singh Randhawa) ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਦੇਖਿਆ ਕਿ ਦੇਸ਼ 'ਚ ਕਿਸੇ ਦੂਜੇ ਸੂਬੇ 'ਚ ਜਾਣ ਤੋਂ ਕਿਸੇ ਹੋਰ ਸੂਬੇ ਦੇ ਵਿਧਾਇਕਾਂ ਜਾਂ ਸਿਆਸਤਦਾਨਾਂ ਨੂੰ ਰੋਕਿਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਯੂ. ਪੀ. ਸਰਕਾਰ ਵੱਲੋਂ ਪੰਜਾਬ ਦੇ ਸਿਆਸਤਦਾਨਾਂ ਨੂੰ ਲਖੀਮਪੁਰ 'ਚ ਦਾਖ਼ਲ ਨਾ ਹੋਣ ਦੇ ਜ਼ੁਬਾਨੀ ਹੁਕਮ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਕੋਈ ਅਧਿਕਾਰੀ ਅਜਿਹਾ ਕਰਦਾ ਤਾਂ ਉਨ੍ਹਾਂ ਨੇ ਉਸੇਂ ਸਮੇਂ ਉਸ ਨੂੰ ਮੁਅੱਤਲ ਕਰ ਦੇਣਾ ਸੀ। ਉਨ੍ਹਾਂ ਕਿਹਾ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਨਾਲ ਤਾਨਾਸ਼ਾਹੀ ਨਹੀਂ ਕੀਤੀ ਜਾ ਸਕਦੀ।