ਬਠਿੰਡਾ: ਬਠਿੰਡਾ ’ਚ ਅੱਜ ਅਕਾਲੀ ਦਲ ਵਲੋਂ ਰੋਸ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੋਲ ਪਏ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ’ਚ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ। ਜਿਹੜੇ ਵੀ ਵਿਕਾਸ ਪੰਜਾਬ ’ਚ ਹੋਏ ਹਨ ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਹਨ ਅਤੇ ਬਠਿੰਡਾ ’ਚ ਤਿੰਨ ਯੂਨੀਵਰਸਿਟੀਆਂ ਵੀ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜਿੰਨੇ ਵੀ ਕੰਮ ਹੋਏ ਹਨ ਉਹ ਅਸੀਂ ਗਿਣਾ ਨਹੀਂ ਸਕਦੇ। ਇਸ ਦੌਰਾਨ ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ’ਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਬੜ੍ਹੇ ਕੰਮ ਕਰਵਾਏ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਸਮੇਂ ਜੇਕਰ ਕੋਈ ਪੰਜਾਬ ’ਚ ਭੱਖ਼ਦਾ ਮਸਲਾ ਹੈ ਤਾਂ ਉਹ ਖ਼ੇਤੀ ਕਾਨੂੰਨਾਂ ਦਾ ਹੈ, ਜਿਸ ਲਈ ਕਿਸਾਨ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਲਾਈ ਬੈਠੇ ਹਨ ਅਤੇ ਮੀਂਹ ਹਨੇਰੀ ਦੇ ਮੌਸਮ ’ਚ ਵੀ ਉੱਥੇ ਬੈਠੇ ਹੋਏ ਹਨ।