ਪੱਕੇ ਹੋਣ ਲਈ ਲਾਈ ਫਾਈਲ ਨਿਊਜ਼ੀਲੈਂਡ ਨੇ ਕੀਤੀ ਰੱਦ
ਕਾਜਲ ਚੌਹਾਨ ’ਤੇ ਛੋਟੀ ਜਿਹੀ ਗਲਤੀ ਕਾਰਨ ਲਟਕੀ ਡਿਪੋਰਟੇਸ਼ਨ ਦੀ ਤਲਵਾਰ
ਆਕਲੈਂਡ : ਦਸਤਾਵੇਜ਼ਾਂ ’ਚ ਬੱਸ ਇਕ ਛੋਟੀ ਜਿਹੀ ਗਲਤੀ ਹੋਈ ਸੀ ਤੇ ਹੁਣ ਉਸ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਜ਼ੀਲੈਂਡ ਵਿਚ ਇਸ ਵੇਲੇ ਜਿੱਥੇ 1 ਲੱਖ 65 ਹਜ਼ਾਰ ਪ੍ਰਵਾਸੀ ਪੱਕੇ ਹੋਣ ਦੀ ਤਿਆਰੀ ’ਚ ਜੁਟੇ ਹਨ ਉਥੇ ਹੀ ਕਾਜਲ ਚੌਹਾਨ ਨੂੰ ਆਪਣੀ ਛੋਟੀ ਜਿਹੀ ਗਲਤੀ ਕਾਰਨ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
28 ਸਾਲਾ ਕਾਜਲ ਚੌਹਾਨ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਛੋਟੀ ਜਿਹੀ ਗਲਤੀ ਉਸ ਦੀ ਡਿਪੋਰਟੇਸ਼ਨ ਦਾ ਕਾਰਨ ਬਣ ਸਕਦੀ ਹੈ। ਨਿਊਜ਼ੀਲੈਂਡ ਦੇ ਰੈਜ਼ੀਡੈਂਸ ਸ਼ਿਵ ਕਪੂਰ ਨਾਲ ਵਿਆਹੀ ਕਾਜਲ ਵਲੋਂ ਸੰਤਬਰ 2019 ਵਿੱਚ ਆਕਲੈਂਡ ਤੋਂ ਹੰਟਲੀ ਜਾਂਦਿਆਂ ਓਵਰ ਸਪੀਡਿੰਗ ਦਾ ਗੁਨਾਹ ਹੋਇਆ ਸੀ, ਜਿਸ ਲਈ 6 ਮਹੀਨਿਆਂ ਵਾਸਤੇ ਉਸਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ, ਹਾਲਾਂਕਿ ਕਾਜਲ ਨੇ ਇਸ ਦੋਸ਼ ਨੂੰ ਕਬੂਲਦਿਆਂ ਲੈਟਰ ਆਫ ਅਪੌਲਜਾਈ ਵੀ ਦੇ ਦਿੱਤਾ ਸੀ ਤੇ ਆਪਣਾ ਪਛਤਾਵਾ ਜਾਹਿਰ ਕੀਤਾ ਸੀ, ਪਰ ਹੁਣ ਜਦੋਂ ਉਸਨੇ ਪੱਕਿਆਂ ਹੋਣ ਲਈ ਫਾਈਲ ਲਾਈ ਤਾਂ ਉਸ ਫਾਈਲ ਵਿੱਚ ਇਸ ਗੁਨਾਹ ਬਾਰੇ ਨਹੀਂ ਲਿਖਿਆ।
ਇੰਮੀਗ੍ਰੇਸ਼ਨ ਨੂੰ ਕੇਸ ਦੀ ਛਾਣਬੀਣ ਦੌਰਾਨ ਇਸ ਗੁਨਾਹ ਬਾਰੇ ਪਤਾ ਲੱਗ ਗਿਆ ਤੇ ਕਾਜਲ ਨੂੰ ਚੰਗੇ ਆਚਾਰ-ਵਿਵਹਾਰ ਦੀ ਸ਼ਰਤ ਨੂੰ ਨਾ ਮੰਨਣ ਦਾ ਕਾਰਨ ਦੱਸਦਿਆਂ ਉਸ ਦੀ ਫਾਈਲ ਰੱਦ ਕਰ ਦਿੱਤੀ ਤੇ ਉਸ ਨੂੰ ਡਿਪੋਰਟੇਸ਼ਨ ਦੇ ਹੁਕਮ ਸੁਣਾ ਦਿੱਤੇ।
ਹੁਣ ਕਾਜਲ ਦਾ ਕਹਿਣਾ ਹੈ ਕਿ ਇਹ ਉਸਦੇ ਵਕੀਲ ਦੀ ਗਲਤੀ ਹੈ, ਜਿਸ ਨੇ ਇਸ ਬਾਰੇ ਉਸਦੀ ਫਾਈਲ ਵਿੱਚ ਨਹੀਂ ਲਿਖਿਆ। ਕਾਜਲ ਨੇ ਇੰਮੀਗ੍ਰੇਸ਼ਨ ਦੇ ਇਸ ਫੈਸਲੇ ਨੂੰ ਬਹੁਤ ਹੀ ਕਠੋਰ ਦੱਸਿਆ ਹੈ, ਕਿਉਂਕਿ ਇਸ ਨਾਲ ਉਸਦਾ ਭਵਿੱਖ ਤਬਾਹ ਹੋ ਜਾਏਗਾ। ਕਾਜਲ ਦੀ ਫਾਈਲ ਸੈਕਸ਼ਨ 61 ਤਹਿਤ ਲਾਈ ਗਈ ਸੀ ਤੇ ਇੰਮੀਗ੍ਰੇਸ਼ਨ ਨਿਊਜੀਲੈਂਡ ਦੀ ਮੈਨੇਜਰ ਨਿਕੋਲਾ ਹੋਗ ਅਨੁਸਾਰ ਉਹ ਸੈਕਸ਼ਨ 61 ਤਹਿਤ ਦੁਬਾਰਾ ਅਪੀਲ ਕਰ ਸਕਦੀ ਹੈ, ਬਸ਼ਰਤੇ ਉਸ ਕੋਲ ਆਪਣਾ ਪੱਖ ਤਾਕਤਵਰ ਬਨਾਉਣ ਦੇ ਕੋਈ ਪੁੱਖਤਾ ਸਬੂਤ ਹੋਣ ਜੋ ਇੰਮੀਗ੍ਰੇਸ਼ਨ ਨੂੰ ਸੰਤੁਸ਼ਟ ਕਰ ਸਕਣ।
ਕਾਜਲ ਸਾਲ 2016 ’ਚ ਵਿਦਿਆਰਥੀ ਵੀਜੇ ’ਤੇ ਨਿਊਜੀਲੈਂਡ ਆਈ ਸੀ ਤੇ 2017-2018 ਵਿੱਚ ਉਸ ਨੂੰ ਵਰਕ ਵੀਜਾ ਜਾਰੀ ਕੀਤਾ ਗਿਆ ਸੀ। 6 ਜੁਲਾਈ 2020 ਨੂੰ ਉਸ ਨੇ ਅਸੈਂਸ਼ਲ ਵਰਕ ਵੀਜ਼ਾ ਦੀ ਫਾਈਲ ਲਾਈ ਸੀ, ਪਰ ਆਪਣੇ ਗੁਨਾਹ ਬਾਰੇ ਉਸ ਵਿੱਚ ਨਹੀਂ ਦੱਸਿਆ ਸੀ।
ਹਾਲਾਂਕਿ ਉਸ ਵੇਲੇ ਉਸਦੇ ਵੀਜ਼ਾ ਰੱਦ ਕੀਤੇ ਜਾਣ ਦਾ ਕਾਰਨ ਇਹ ਗੁਨਾਹ ਨਹੀਂ ਸੀ ਤੇ ਇੰਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸ ਨੂੰ ਕੋਰੋਨਾ ਮਹਾਂਮਾਰੀ ਦੇ ਹਲਾਤਾਂ ਕਾਰਨ ਵੀਜੀਟਰ ਵੀਜ਼ਾ ਜਾਰੀ ਕਰ ਦਿੱਤਾ ਸੀ।
ਪਰ ਨਵੰਬਰ 2020 ਵਿੱਚ ਲਾਈ ਪਾਰਟਨਰਸ਼ਿਪ ਵੀਜ਼ਾ ਦੀ ਫਾਈਲ ਵਿੱਚ ਵੀ ਉਸ ਨੇ ਫਿਰ ਇਸ ਗੁਨਾਹ ਬਾਰੇ ਨਹੀਂ ਦੱਸਿਆ ਤੇ ਇਸ ਵਾਰ ਛਾਣਬੀਣ ਦੌਰਾਨ ਇੰਮੀਗ੍ਰੇਸ਼ਨ ਨੂੰ ਉਸਦੇ ਇਸ ਗੁਨਾਹ ਬਾਰੇ ਪਤਾ ਲੱਗ ਗਿਆ। 2 ਵਾਰ ਲਗਾਈ ਫਾਈਲ ਤੇ ਸੈਕਸ਼ਨ 61 ਤਹਿਤ ਕੀਤੀ ਅਪੀਲ ਵਿੱਚ ਬੋਲੇ ਗਏ ਇਸ ਝੂਠ ਨੂੰ ਹੀ ਇਸ ਵਾਰ ਵੀਜ਼ਾ ਰੱਦ ਕਰਨ ਦਾ ਆਧਾਰ ਦੱਸਿਆ ਗਿਆ ਹੈ।