ਚੰਡੀਗੜ੍ਹ: ਹਾਲ ਹੀ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨੂੰ ਡੀ. ਜੀ. ਪੀ. ਨਾਲ ਇਕ ਉਚ ਪੱਧਰੀ ਬੈਠਕ ਦੌਰਾਨ ਹਿੱਸਾ ਲੈਂਦਿਆਂ ਦੇਖਿਆ ਗਿਆ ਸੀ। ਵੀਰਵਾਰ ਨੂੰ ਇੱਕ ਅਧਿਕਾਰਤ ਮੀਟਿੰਗ ਵਿੱਚ ਚੰਨੀ ਆਪਣੇ ਬੇਟੇ ਰਿਦਮਜੀਤ ਸਿੰਘ ਦੇ ਨਾਲ ਪਹੁੰਚੇ। ਇਹ ਬੈਠਕ ਸੂਬੇ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਬੁਲਾਈ ਗਈ ਸੀ। ਸੂਬੇ ਦੇ ਸਾਰੇ ਮੰਤਰੀ ਤੇ ਪੁਲਿਸ ਦੇ ਆਲਾ ਅਧਿਕਾਰੀ ਇਸ ਬੈਠਕ ’ਚ ਮੌਜੂਦ ਸਨ। ਹੁਣ ਇਸ ਮੀਟਿੰਗ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਘਟਨਾ ਨੂੰ ਅਨੈਤਿਕ ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ, ਚੰਨੀ ਨਿਯਮਾਂ ਤੋਂ ਵਧੀਆ ਤਰ੍ਹਾਂ ਵਾਕਿਫ ਹਨ ਕਿਉਂਕਿ ਉਹ ਤਿੰਨ ਵਾਰ ਵਿਧਾਇਕ ਰਹੇ ਹਨ।ਸੰਵਿਧਾਨ ਦੇ ਨਿਯਮਾਂ ਦਾ ਆਦਰ ਕਰਦੇ ਹੋਏ ਭਰੋਸੇਯੋਗਤਾ ਤੇ ਮਾਣ ਹਮੇਸ਼ਾ ਕਾਇਮ ਰੱਖਿਆ ਜਾਣਾ ਚਾਹੀਦਾ ਹੈ।ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੀਨੀਅਰ ਅਧਿਕਾਰੀ ਨੇ ਨਿਯਮਾਂ ਅਤੇ ਮਾਪਦੰਡਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਣ ਦੇ ਬਾਵਜੂਦ ਇਸ ਗਲਤੀ ਨੂੰ ਵਾਪਰਨ ਦਿੱਤਾ।