ਨਵੀਂ ਦਿੱਲੀ : ਆਸਟ੍ਰੇਲੀਆ ਨੇ ਸ਼ੁਕਰਵਾਰ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਕੋਵੀਸ਼ੀਲਡ ਟੀਕੇ ਨੂੰ ‘ਮਾਨਤਾ ਪ੍ਰਾਪਤ ਵੈਕਸੀਨ’ ਦੇ ਰੂਪ ਵਿਚ ਮਨਜ਼ੂਰੀ ਦੇ ਦਿਤੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਫ਼ਤਰ ਨੇ ਸ਼ੁਕਰਵਾਰ ਨੂੰ ਅਪਣੇ ਬਿਆਨ ਵਿਚ ਕਿਹਾ ਕਿ ਮੈਡੀਕਲ ਜਨਰਲ ਐਡਮਨਿਸਟ੍ਰੇਸ਼ਨ (ਟੀ.ਜੀ.ਏ.) ਨੇ ਦੇਸ਼ ਵਿਚ ਕੋਵੀਸ਼ੀਲਡ ਵੈਕਸੀਨ ਲਗਵਾ ਕੇ ਆਉਣ ਵਾਲੇ ਯਾਤਰੀਆਂ ਨੂੰ ਮਾਨਤਾ ਦੇਣ ਦੀ ਸਲਾਹ ਦਿਤੀ ਹੈ। ਉਨ੍ਹਾਂ ਕਿਹਾ, ‘ਟੀ.ਜੀ.ਏ. ਨੇ ਅੱਜ ਕੋਰੋਨਾਵੈਕ (ਸਿਨੋਵੈਕ) ਅਤੇ ਕੋਵੀਸ਼ੀਲਡ (ਐਸਟ੍ਰਾਜੇਨੇਕਾ/ਸੀਰਮ ਇੰਸਟੀਚਿਊਟ ਆਫ਼ ਇੰਡੀਆ) ਦੋਵਾਂ ਟੀਕਿਆਂ ਦੇ ਸੁਰੱਖਿਆ ਡਾਟਾ ਦੇ ਸ਼ੁਰੂਆਤੀ ਮੁਲਾਂਕਣ ਨੂੰ ਪ੍ਰਕਾਸ਼ਿਤ ਕੀਤਾ ਹੈ ਅਤੇ ਸਲਾਹ ਦਿਤੀ ਹੈ ਕਿ ਇਨ੍ਹਾਂ ਦੋਵਾਂ ਟੀਕਿਆਂ ਨੂੰ ‘ਮਾਨਤਾ ਪ੍ਰਾਪਤ ਟੀਕੇ’ ਦੇ ਤੌਰ ’ਤੇ ਮੰਨਿਆ ਜਾਵੇ।
ਦੇਸ਼ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀ ਜੇਕਰ ਇਨ੍ਹਾਂ ਦੋਵਾਂ ਟੀਕਿਆਂ ਵਿਚੋਂ ਕੋਈ ਵੀ ਟੀਕਾ ਲਗਵਾ ਕੇ ਦੇਸ਼ ਵਿਚ ਆਉਂਦੇ ਹਨ ਤਾਂ ਉਨ੍ਹਾਂ ਦੇ ਆਉਣ ’ਤੇ ਰੋਕ ਨਹੀਂ ਲਗੇਗੀ ਅਤੇ ਦੋਵਾਂ ਟੀਕਿਆਂ ਨੂੰ ਮਾਨਤਾ ਪ੍ਰਾਪਤ ਹੋ ਗਈ ਹੈ। ਆਸਟ੍ਰੇਲੀਆ ਨੇ 4 ਕੋਵਿਡ ਟੀਕਿਆਂ ਨੂੰ ਮਨਜ਼ੂਰੀ ਦਿਤੀ ਹੈ, ਜਿਸ ਵਿਚ ਟੀ.ਜੀ.ਏ- ਫਾਈਜ਼ਰ (ਕੋਮਿਰਨਾਟੀ), ਐਸਟ੍ਰਾਜੇਨੇਕਾ (ਵੈਕਸਜੇਵਰੀਆ), ਮਾਡਰਨਾ (ਸਪਾਈਕਵੈਕਸ) ਅਤੇ ਕੋਵਿਡ-19 ਵੈਕਸੀਨ ਜਾਨਸਨ ਸ਼ਾਮਲ ਹੈ।