ਚੰਡੀਗੜ੍ਹ: ਪੰਜਾਬ ਵਿਚ ਚਲ ਰਹੀਆਂ ਨਿਜੀ ਬਸਾਂ ਦੇ ਰੂਟ ਅਤੇ ਸਮਾਂ ਸਾਰਨੀ ਦਾ ਮੰਤਰੀ ਰਾਜਾ ਵੜਿੰਗ ਨੇ ਨੋਟਿਸ ਲਿਆ ਹੈ । ਚਰਚਾ ਇਹ ਵੀ ਕਿ ਵੱਧ ਸਵਾਰੀਆਂ ਵਾਲੇ ਜ਼ਿਆਦਾ ਟਾਈਮ ਪ੍ਰਾਈਵੇਟ ਬੱਸਾਂ ਨੂੰ ਦਿੱਤੇ ਗਏ ਹਨ। ਇਹ ਪ੍ਰਾਈਵੇਟ ਬੱਸਾਂ ਸਿਆਸੀ ਰਸੂਖ ਵਾਲਿਆਂ ਦੀਆਂ ਹਨ। ਇਸ ਲਈ ਕੋਈ ਅਫਸਰ ਟਾਈਮ ਟੇਬਲ ਨਾਲ ਛੇੜਛਾੜ ਕਰਨ ਦੀ ਹਿੰਮਤ ਨਹੀਂ ਕਰਦਾ ਸੀ। ਰਾਜਾ ਵੜਿੰਗ ਨੇ ਪਹਿਲੀ ਹੀ ਮੀਟਿੰਗ ਵਿੱਚ ਸਪਸ਼ਟ ਕਰ ਦਿੱਤਾ ਕਿ ਟਾਈਮ ਟੇਬਲ ਬਦਲੇ ਜਾਣ ਤੇ ਸਰਕਾਰੀ ਬੱਸਾਂ ਨੂੰ ਸਹੀ ਟਾਈਮ ਦਿੱਤੇ ਜਾਣ। ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੇ ਘਰਾਣਿਆਂ ਦੀਆਂ ਪ੍ਰਾਈਵੇਟ ਬੱਸਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਦੌਰਾਨ ਹੀ ਰਾਜਾ ਵੜਿੰਗ ਨੇ ਬੱਸਾਂ ਦੇ ਟਾਈਮ-ਟੇਬਲ ਬਦਲਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਅਫਸਰਾਂ ਨੂੰ ਕਿਹਾ ਹੈ ਕਿ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਨੂੰ ਦਿੱਤੇ ਵੱਧ ਫ਼ਾਇਦੇਮੰਦ ਟਾਈਮ ਦੀ ਨਜ਼ਰਸਾਨੀ ਕੀਤੀ ਜਾਵੇ।
ਟਰਾਂਸਪੋਰਟ ਮੰਤਰੀ ਨੇ ਫੁਰਤੀ ਵਿਖਾਉਂਦਿਆਂ ਪੰਜਾਬ ਰੋਡਵੇਜ਼ ਤੇ PRTC ਦੇ ਅਧਿਕਾਰੀਆਂ ਨੂੰ ਮੰਗਲਵਾਰ ਤੱਕ ਨਵੇਂ ਟਾਈਮ-ਟੇਬਲਾਂ ਦੀਆਂ ਤਜਵੀਜ਼ਾਂ ਬਣਾ ਕੇ ਦੇਣ ਲਈ ਕਿਹਾ ਹੈ ਤਾਂ ਜੋ ਸਾਰੀਆਂ ਬੱਸਾਂ ਨੂੰ ਅੱਡਿਆਂ ’ਤੇ ਬਰਾਬਰ ਸਮਾਂ ਮਿਲ ਸਕੇ। ਟਰਾਂਸਪੋਰਟ ਮੰਤਰੀ ਨੇ ਆਗਾਮੀ ਦੋ ਦਿਨਾਂ ਵਿੱਚ ਸੂਬੇ ਦੇ ਬੱਸ ਸਟੈਂਡਾਂ ’ਚੋਂ ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵੀ ਕਿਹਾ ਹੈ।
ਰਾਜਾ ਵੜਿੰਗ ਨੇ ਸੂਬੇ ਦੇ ਸਾਰੇ ਡਿਪੂਆਂ ਦੇ ਜਨਰਲ ਮੈਨੇਜਰਾਂ ਤੇ ਆਰਟੀਏ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਬੀਤੇ ਲੰਮੇ ਸਮੇਂ ਤੋਂ ਜਿਨ੍ਹਾਂ ਟਰਾਂਸਪੋਟਰਾਂ ਵੱਲੋਂ ਬਕਾਇਆ ਟੈਕਸਾਂ ਦੀ ਅਦਾਇਗੀ ਨਹੀਂ ਕੀਤੀ ਗਈ, ਉਨ੍ਹਾਂ ਤੋਂ ਟੈਕਸ ਉਗਰਾਹੀ ਤੇਜ਼ ਕੀਤੀ ਜਾਵੇ ਤੇ ਟੈਕਸ ਦੇਣ ਤੋਂ ਆਨਾਕਾਨੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਡਕਟਰ ਤੋਂ ਲੈ ਕੇ ਉੱਚ ਅਧਿਕਾਰੀ ਆਪਣੀ ਡਿਊਟੀ ਬਿਨਾਂ ਕਿਸੇ ਡਰ ਤੋਂ ਕਰਨ ਕਿਉਂਕਿ ਸੂਬੇ ਵਿੱਚ ਬੱਸ ਸੇਵਾ ਸਥਾਪਤ ਨਿਯਮਾਂ ਅਨੁਸਾਰ ਹੀ ਚਲਾਈ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਵੀ ਕੀਤੇ।