ਨਿਊ ਸਾਊਥ ਵੇਲਜ਼ : ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਡੇਵਿਡ ਏਲੀਅਟ ਨੇ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਆਉਣ ਵਾਲੇ ਖ਼ਤਰਨਾਕ ਤੂਫਾਨੀ ਮੌਸਮ ਤੋਂ ਪਹਿਲਾਂ ਹੀ ਜਨਤਕ ਤੌਰ 'ਤੇ ਬਚਾਉ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਵਾਸਤੇ 4.6 ਮਿਲੀਅਨ ਡਾਲਰ ਦੀ ਲਾਗਤ ਨਾਲ 6 ਅਜਿਹੇ ਵਾਹਨ ਖਰੀਦੇ ਗਏ ਹਨ ਜਿਨ੍ਹਾਂ ਨੂੰ ਕਿ ਕਦੀ ਵੀ ਅਤੇ ਕਿਤੇ ਵੀ ਲਿਜਾਇਆ ਜਾ ਸਕਦਾ ਹੈ ਅਤੇ ਇਹ ਵਾਹਨ 4 ਕੁ ਫੁੱਟ ਹੜ੍ਹ ਦੇ ਪਾਣੀ ਵਿੱਚ ਵੀ ਕੰਮ ਕਰਨ ਦੀ ਸਮਰੱਥਾ ਰੱਖਦੇ ਹਨ। ਉਕਤ ਵਾਹਨ ਰਾਜ ਦੀ ਆਪਾਤਕਾਲੀਨ ਸੇਵਾਵਾਂ (NSW SES) ਵੱਲੋਂ, ਰਾਜ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਸਥਾਪਿਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਸਰਕਾਰ ਦਾ 56.4 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਅਜਿਹੇ 270 ਵਾਹਨ, 124 ਮੈਰੀਨ ਵੈਸਲ ਅਤੇ 95 ਟਰਾਲੇ ਖਰੀਦਣ ਦੀ ਮਨਸ਼ਾ ਹੈ ਜਿਨ੍ਹਾਂ ਨੂੰ ਕਿ ਤੂਫਾਨ ਜਾਂ ਹੜ੍ਹਾਂ ਦੀ ਹਾਲਤ ਵਿੱਚ ਜਨਤਕ ਬਚਾਉ ਦੇ ਕੰਮਾਂ ਆਦਿ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਆਉਣ ਵਾਲੇ ਅਗਲੇ ਦਿਨਾਂ ਵਿੱਚ ਤੂਫਾਨ ਅਤੇ ਹੜ੍ਹ ਆਦਿ ਦੀ ਅਗਾਊਂ ਜਾਣਕਾਰੀ ਅਤੇ ਬਚਾਉ ਦੇ ਕੰਮਾਂ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਮੌਸਮ ਦੀ ਸਟੀਕ ਜਾਣਕਾਰੀ ਲਈ ਸਰਕਾਰ ਦੀ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਹੜ੍ਹਾਂ ਜਾਂ ਤੂਫਾਨਾਂ ਆਦਿ ਦੀ ਹਾਲਤ ਵਿੱਚ ਕਿਸੇ ਵੀ ਕਿਸਮ ਦੀ ਆਪਾਤਕਾਲੀਨ ਸੇਵਾਵਾਂ ਲਈ 132 500 ਉਪਰ ਕਾਲ ਕੀਤੀ ਜਾ ਸਕਦੀ ਹੈ ਅਤੇ ਜਾਂ ਫੇਰ 000 ਡਾਇਲ ਕੀਤਾ ਜਾ ਸਕਦਾ ਹੈ।