ਚੰਡੀਗੜ੍ਹ : ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਬੀਤੇ ਭਲਕੇ ਕੁਝ ਵੀਡੀਉ ਜਾਰੀ ਕਰਕੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਇਤਰਾਜ਼ ਸੀ ਤਾਂ ਉਹ ਕਿਸਾਨ ਆਗੂਆਂ ਨੂੰ ਨਾਲ ਗੱਲ ਕਰਦੇ। ਪ੍ਰੈੱਸ ਕਾਨਫ਼ਰੰਸ ਕਰ ਕੇ ਉਨ੍ਹਾਂ ਜਾਣ ਬੁੱਝ ਕੇ ਕਿਸਾਨ ਸੰਘਰਸ਼ ਨੂੰ ਬਦਨਾਮ ਕੀਤਾ ਹੈ। ਰਾਜੇਵਾਲ ਨੇ ਕਿਹਾ ਕਿ ਦਿੱਲੀ ਜਾਣ ਵਾਲੇ ਅਕਾਲੀ ਵਰਕਰਾਂ ਨਾਲ ਜੋ ਧੱਕਾ-ਮੁੱਕੀ ਕੁਝ ਕਿਸਾਨ ਹਮਾਇਤੀਆਂ ਨੇ ਕੀਤੀ ਹੈ, ਉਸ ਦੀ ਉਹ ਨਿੰਦਾ ਕਰਦੇ ਹਨ ਅਤੇ ਉਸ ਵਾਸਤੇ ਮਾਫ਼ੀ ਵੀ ਮੰਗਦੇ ਹਨ। ਰਾਜੇਵਾਲ ਨੇ ਕਿਹਾ ਕਿ ਕਿਸਾਨ ਵਰਕਰਾਂ ਨਾਲ ਗਲਤ ਵਿਵਹਾਰ ਕਰਨ ਵਾਲੇ ਕੁਝ ਕਿਸਾਨ ਹਮਾਇਤੀਆਂ ਦੀ ਝਾੜ-ਝੰਬ ਵੀ ਕੀਤੀ ਹੈ ਅਤੇ ਦਿੱਲੀ ਮੋਰਚੇ ਵਿੱਚੋਂ ਵਾਪਸ ਪੰਜਾਬ ਭੇਜ ਦਿੱਤਾ ਹੈ।
ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਦੇ ਜਿਹੜੇ ਵਰਕਰ ਦਿੱਲੀ ਗਏ ਸਨ ਤਾਂ ਵਾਪਸੀ ’ਤੇ ਉਨ੍ਹਾਂ ਦੀਆਂ ਬੱਸਾਂ ਵਿੱਚ ਸ਼ਰਾਬ ਦੇ ਡੱਬੇ ਸਨ, ਜਿਸ ਬਾਰੇ ਉਨ੍ਹਾਂ ਕੋਲ ਪਰੂਫ ਵੀ ਹਨ ਪਰ ਉਹ ਵੀਡੀਓ ਜਾਰੀ ਨਹੀਂ ਕਰਨਗੇ।
ਰਾਜੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਆਗੂਆਂ ਨੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਕਿਸਾਨਾਂ ਦਾ ਹਮਾਇਤੀ ਨਹੀਂ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬੇਅਦਬੀਆਂ ਦੇ ਮਾਮਲੇ ਬਾਰੇ ਅਕਾਲੀ ਦਲ ਦੀ ਨਾਕਾਬਲੀਅਤ ਅਜੇ ਭੁੱਲੇ ਨਹੀਂ । ਨਾ ਹੀ ਲੋਕ ਇਹ ਭੁੱਲ ਰਹੇ ਹਨ ਕਿ ਅਕਾਲੀਆਂ ਦੇ ਡੇਰਾ ਸਿਰਸਾ ਵਾਲੇ ਮੁਖੀ ਨਾਲ ਕੀ ਸਬੰਧ ਰਹੇ ਹਨ। ਇਸ ਮੌਕੇ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪੰਜਾਬ ਦੇ ਪੂਰੇ ਲੋਕ ਕਿਸਾਨਾਂ ਦੇ ਨਾਲ ਹਨ ਅਤੇ ਇਸੇ ਲਈ ਹੀ ਸਿਆਸੀ ਪਾਰਟੀਆਂ ਦਾ ਪਿੰਡਾਂ ਵਿੱਚ ਡਟਵਾਂ ਵਿਰੋਧ ਹੋ ਰਿਹਾ ਹੈ।