ਖੇਮਕਰਨ : ਤਰਨ ਤਾਰਨ ਜ਼ਿਲ੍ਹੇ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਇਲਾਕੇ ਵਿਚ ਪਾਕਿਸਤਾਨੀ ਡਰੋਨ ਵੇਖਿਆ ਗਿਆ ਜਿਸ ਤੋਂ ਬਾਅਦ ਬੀਐੱਸਐੱਫ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ। ਡਰੋਨ ਕਰੀਬ ਸਾਢੇ ਤਿੰਨ ਮਿੰਟ ਤਕ ਭਾਰਤੀ ਖੇਤਰ ਵਿਚ ਘੁੰਮਣ ਤੋਂ ਬਾਅਦ ਵਾਪਸ ਪਰਤਿਆ। ਇਥੇ ਦੱਸਣਯੋਗ ਹੈ ਕਿ ਇਸ ਹਫਤੇ ਦੌਰਾਨ, ਪਾਕਿਸਤਾਨ ਤੋਂ ਭਾਰਤੀ ਖੇਤਰ ’ਚ ਲਗਾਤਾਰ ਡਰੋਨ ਭੇਜੇ ਜਾ ਰਹੇ ਹਨ। ਜ਼ਿਲ੍ਹੇ ਦੀ ਹਦੂਦ ਵਿਚ ਹਫਤੇ ਦੌਰਾਨ ਤੀਜੀ ਵਾਰ ਡਰੋਨਾਂ ਦੀ ਆਮਦ ਹੋਈ ਹੈ। ਖੇਮਕਰਨ ਸੈਕਟਰ ਵਿਚ ਮੰਗਲਵਾਰ ਰਾਤ ਕਰੀਬ 1 ਵਜੇ ਇਥੇ ਤਾਇਨਾਤ ਬੀਐੱਸਐੱਫ ਦੀ 103 ਬਟਾਲੀਅਨ ਅਮਰਕੋਟ ਦੇ ਜਵਾਨਾਂ ਨੂੰ ਸਰਹੱਦੀ ਚੌਕੀ ਨੂਰਵਾਲਾ ਦੀ ਬੁਰਜੀ ਨੰਬਰ 149/38 ਨੇਡ਼ੇ ਡਰਨ ਵਰਗੀ ਆਵਾਜ਼ ਮਹਿਸੂਸ ਹੋਈ ਜਿਸ ਤੋਂ ਬਾਅਦ ਨਾਈਟ ਵਿਜ਼ਨ ਕੈਮਰੇ ਤੋਂ ਦੇਖਿਆ ਗਿਆ ਕਿ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਵੱਲ ਆ ਰਿਹਾ ਸੀ। ਬੀਐੱਸਐੱਫ ਦੇ ਜਵਾਨਾਂ ਨੇ ਕਰੀਬ 14 ਰਾਊਂਡ ਫਾਇਰ ਕੀਤੇ। ਇਸ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ। ਸੂਤਰਾਂ ਮੁਤਾਬਕ ਇਹ ਡਰੋਨ ਕੰਡਿਆਲੀ ਤਾਰ ਤੋਂ ਕਰੀਬ ਢਾਈ ਸੌ ਫੁੱਟ ਦੀ ਉਚਾਈ ’ਤੇ ਸੀ। ਦੂਜੇ ਪਾਸੇ ਬੀਐਸਐਫ ਦੇ ਜਵਾਨਾਂ ਨੇ ਬੁੱਧਵਾਰ ਨੂੰ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ। ਥਾਣਾ ਖੇਮਕਰਨ, ਖਾਲਡ਼ਾ, ਕੱਚਾਪੱਕਾ ਦੀ ਪੁਲਿਸ ਨੇ ਵੀ ਇਲਾਕੇ ਵਿਚ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਵੀ ਸ਼ੱਕੀ ਵਸਤੂ ਇਸ ਇਲਾਕੇ ਚੋਂ ਬਰਾਮਦ ਨਹੀਂ ਹੋ ਸਕੀ।