ਬੀਜਿੰਗ : ਚੀਨ ਵਿਚ ਇਕ ਔਰਤ ਨੇ ਦਾਅਵਾ ਕੀਤਾ ਕਿ ਉਹ ਪਿਛਲੇ 40 ਸਾਲਾਂ ਤੋਂ ਨਹੀਂ ਸੁੱਤੀ ਪਰ ਉਸ ਦੀ ਸਿਹਤ ਵੀ ਠੀਕ ਠਾਕ ਹੈ। ਡਕਟਰਾਂ ਨੇ ਵੀ ਜਾਂਚ ਕਰਨ ਤੋਂ ਬਾਅਦ ਆਖਿਆ ਸੀ ਕਿ ਉਹ ਔਰਤ ਬਿਲਕੁਲ ਠੀਕ ਹੈ ਅਤੇ ਉਸ ਦੇ ਸਰੀਰ ਵਿਚ ਕੋਈ ਵੀ ਖੋਟ ਨਹੀਂ ਹੈ। ਜਦ ਕਿ ਥਕਾਨ ਤੋਂ ਬਾਅਦ ਭਰਪੂਰ ਨੀਂਦ ਲੈਣਾ ਜ਼ਰੂਰੀ ਮੰਨਿਆ ਜਾਂਦਾ ਹੈ। ਹੁਣ ਚੀਨੀ ਮੀਡੀਆ ਨੇ ਹਾਲ ਹੀ ’ਚ ਇਕ ਔਰਤ ਬਾਰੇ ਰਿਪੋਰਟ ਨਸ਼ਰ ਕੀਤੀ ਹੈ ਜਿਸ ਵਿਚ ਦਾਅਵਾ ਕੀਤਾ ਹੈ ਕਿ ਇਕ ਮਹਿਲਾ 4 ਦਹਾਕਿਆਂ ਤੋਂ ਨਹੀਂ ਸੁੱਤੀ। ਇਸ ਤੋਂ ਬਾਅਦ ਵੀ ਉਸ ਨੂੰ ਕਦੀ ਥਕਾਵਟ ਜਾਂ ਨੀਂਦ ਮਹਿਸੂਸ ਨਹੀਂ ਹੁੰਦੀ। ਬੀਜਿੰਗ ਦੇ ਡਾਕਟਰ ਨੇ ਇਹ ਗੁੱਥੀ ਨੂੰ ਸੁਲਝਾ ਲਿਆ ਹੈ।
ਚੀਨ ਦੇ ਹੇਨਾਨ ’ਚ ਰਹਿਣ ਵਾਲੇ ਔਰਤ ਲੀ ਝਾਨਯਿੰਗ ਨੇ ਦਾਅਵਾ ਕੀਤਾ ਕਿ ਉਹ ਬਿਨਾਂ ਨੀਂਦ ਲਏ 40 ਸਾਲਾਂ ਤੋਂ ਜਾਗ ਰਹੀ ਹੈ। ਉਸ ਦੇ ਪਤੀ ਅਤੇ ਗੁਆਂਢੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਲੀ ਨੇ ਕਿਹਾ ਕਿ ਉਹ ਆਖ਼ਰੀ ਵਾਰ ਉਦੋਂ ਸੁੱਤੀ ਸੀ ਜਦੋਂ 5 ਸਾਲ ਦੀ ਸੀ। ਹੁਣ ਉਸ ਲਈ ਨੀਂਦ ਬਸ ਇਕ ਯਾਦ ਹੈ। ਲੀ ਦੇ ਪਤੀ ਲਿਊ ਸੁਓਕਿਨ ਨੇ ਦਸਿਆ ਕਿ ਉਨ੍ਹਾਂ ਦੀ ਪਤਨੀ ਨੂੰ ਨੀਂਦ ਦੀ ਲੋੜ ਨਹੀਂ ਹੈ। ਉਹ ਰਾਤ-ਦਿਨ ਜਾਗਦੀ ਹੈ। ਰਾਤ ਦੇ ਹਨੇਰੇ ’ਚ ਵੀ ਕੰਮ ਕਰਦੀ ਹੈ। ਪਤੀ ਨੇ ਪਤਨੀ ਦੀ ਅਜਿਹੀ ਹਾਲਤ ਦੇਖੇ ਉਸ ਨੂੰ ਨੀਂਦ ਦੀ ਦਵਾਈ ਦਿਤੀ, ਪਰ ਉਹ ਵੀ ਫ਼ਾਇਦੇਮੰਦ ਸਾਬਿਤ ਨਹੀਂ ਹੋਈ। ਜਦੋਂ ਲੀ ਨੇ 40 ਸਾਲ ਤੋਂ ਨਾ ਸੌਣ ਦਾ ਦਾਅਵਾ ਕੀਤਾ ਤਾਂ ਸਥਾਨਕ ਲੋਕਾਂ ਨੇ ਉਸ ਨੂੰ ਪਰਖਣਾ ਚਾਹਿਆ। ਇਸ ਲਈ ਉਸ ਨਾਲ ਮਿਲ ਕੇ ਰਾਤ ਭਰ ਤਾਸ਼ ਖੇਡਣ ਦਾ ਪਲਾਨ ਬਣਾਇਆ। ਉਹ ਰਾਤ ਭਰ ਉਸ ਨਾਲ ਤਾਸ਼ ਖੇਡਦੇ ਰਹੇ। ਅਖੀਰ ਵਿਚ ਸਥਾਨਕ ਲੋਕ ਹੀ ਉੱਥੋਂ ਥੱਕ ਕੇ ਚਲੇ ਗਏ ਜਦਕਿ ਉਹ ਜਾਗ ਰਹੀ ਸੀ।
ਮੀਡੀਆ ਰਿਪੋਰਟ ਮੁਤਾਬਕ ਲੀ ਨੇ ਕਈ ਵਾਰ ਡਾਕਟਰਾਂ ਨੂੰ ਦਿਖਾਇਆ ਪਰ ਡਾਕਟਰਾਂ ਨੂੰ ਲੀ ਵਿਚ ਕੁਝ ਵੀ ਗੜਬੜ ਨਹੀਂ ਦਿਸਿਆ। ਬੀਜਿੰਗ ’ਚ ਇਕ ਡਾਕਟਰ ਨੇ ਇਸ ਮਿਸਟਰੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਡਾਕਟਰਾਂ ਦੀ ਇਕ ਟੀਮ ਨੇ 48 ਘੰਟੇ ਤਕ ਔਰਤ ਦੀ ਨਿਗਰਾਨੀ ਲਈ ਸੈਂਸਰ ਦਾ ਇਸੇਤਮਾਲ ਕੀਤਾ ਤੇ ਦੇਖਿਆ ਕਿ ਉਹ ਅਸਲ ਵਿਚ ਸੌਂਦੀ ਸੀ ਪਰ ਉਸ ਤਰ੍ਹਾਂ ਨਹੀਂ ਜਿਵੇਂ ਆਮ ਇਨਸਾਨ ਸੌਂਦਾ ਹੈ। ਡਾਕਟਰਾਂ ਨੇ ਕਿਹਾ ਕਿ ਲੀ ਸੌਂਦੀ ਹੈ ਪਰ ਬਹੁਤ ਹੀ ਹਲਕੀ ਨੀਂਦ ਲੈਂਦੀ ਹੈ। ਉਹ ਸੌਂਦੇ ਸਮੇਂ ਕੁਝ ਬੋਲਦੀ-ਚਾਲਦੀ ਰਹਿੰਦੀ ਹੈ। ਡਾਕਟਰਾਂ ਨੇ ਕਿਹਾ ਕਿ ਇਸ ਨੂੰ ਜਾਗਦੇ ਹੋਏ ਨੀਂਦ ਲੈਣ ਦੀ ਆਦਤ ਹੈ। ਪਤੀ ਨੇ ਵੀ ਦਸਿਆ ਕਿ ਕਈ ਵਾਰ ਉਸ ਨੂੰ ਲੱਗਾ ਕਿ ਲੀ ਉਸ ਨਾਲ ਗੱਲ ਕਰਦੇ ਹੋਏ ਕਿਤੇ ਹੋਰ ਗੁਆਚੀ ਹੋਈ ਹੈ। ਅਸਲ ਵਿਚ ਉਸ ਵੇਲੇ ਲੀ ਸੌਂ ਰਹੀ ਹੁੰਦੀ ਸੀ।