ਚੰਡੀਗੜ੍ਹ : ਪੰਜਾਬੀ ਤੇ ਗੁਰਦਾਸ ਮਾਨ ਮਾਮਲੇ ਵਿੱਚ ਐੱਫ ਆਈ ਆਰ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਨਕੋਦਰ ਦੇ ਡੇਰਾ ਮੁਰਾਦ ਸ਼ਾਹ ਵਿੱਚ ਮੇਲੇ ਦੌਰਾਨ ਗੁਰਦਾਸ ਮਾਨ ਵੱਲੋਂ ਸਟੇਜ ਤੋਂ ਸੰਬੋਧਨ ਕਰਦੇ ਹੋਏ ਆਖਿਆ ਗਿਆ ਸੀ ਕਿ ਜਿਥੇ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਭੱਲਾ ਬਰਾਦਰੀ ਨਾਲ ਸਬੰਧ ਰੱਖਦੇ ਸਨ। ਉਥੇ ਹੀ ਡੇਰਾ ਮੁਰਾਦ ਸ਼ਾਹ ਦੇ ਲਾਡੀ ਸਾਈਂ ਵੀ ਭੱਲਾ ਬਰਾਦਰੀ ਨਾਲ ਸਬੰਧਤ ਸਨ। ਇਸ ਤਰ੍ਹਾਂ ਲਾਡੀ ਸਾਈਂ, ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿਚੋਂ ਆਉਂਦੇ ਹਨ।
ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਲਗਾਤਾਰ ਵਿਰੋਧ ਕੀਤਾ ਗਿਆ ਅਤੇ ਆਖਿਆ ਗਿਆ ਕਿ ਉਨ੍ਹਾਂ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਿਸ ਕਾਰਨ ਸਿੱਖ ਜਥੇਬੰਦੀਆਂ ਵੱਲੋਂ ਜਗ੍ਹਾ-ਜਗ੍ਹਾ ਤੇ ਧਰਨੇ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਬਾਅਦ ਗੁਰਦਾਸ ਮਾਨ ਵੱਲੋਂ ਮੁਆਫੀ ਵੀ ਮੰਗ ਲਈ ਗਈ ਸੀ। ਪਰ ਫਿਰ ਵੀ ਨਕੋਦਰ ਵਿੱਚ ਉਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ। ਉੱਥੇ ਹੀ ਹੁਣ ਡੇਰੇ ਦੀਆਂ ਸੰਗਤਾਂ ਵੱਲੋਂ ਗੁਰਦਾਸ ਮਾਨ ਦੇ ਖਿਲਾਫ ਦਰਜ ਕੀਤੀ ਗਈ ਐਫ ਆਈ ਆਰ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਡੇਰੇ ਵੱਲੋਂ ਆਪਣਾ ਪੱਖ ਰੱਖਦੇ ਹੋਏ ਕਿਹਾ ਗਿਆ ਹੈ ਕਿ ਡੇਰੇ ਵੱਲੋਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀ ਪਹੁੰਚਾਈ ਗਈ। ਉਥੇ ਹੀ ਕੁਝ ਸਿੱਖ ਜਥੇਬੰਦੀਆਂ ਵੱਲੋਂ ਡੇਰੇ ਨੂੰ ਲੈ ਕੇ ਕਈ ਤਰਾਂ ਦੀਆਂ ਟਿਪਣੀਆਂ ਕੀਤੀਆਂ ਗਈਆਂ ਹਨ। ਕੁਝ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਡੇਰੇ ਖ਼ਿਲਾਫ਼ ਅਪਸ਼ਬਦ ਬੋਲੇ ਗਏ ਹਨ। ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਐਫ ਆਈ ਆਰ ਦਰਜ ਕੀਤੀ ਜਾਵੇ। ਜਿਸ ਕਾਰਨ ਐਤਵਾਰ ਨੂੰ ਸਿੱਖ ਜਥੇਬੰਦੀਆਂ ਦੇ ਖਿਲਾਫ ਨਕੋਦਰ ਵਿਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।