ਲੁਧਿਆਣਾ : ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮਾਂ ਨੇ ਕੋਹਾੜਾ ਚੌਕ ਵਿੱਚ ਇੱਕ ਦਫਤਰ ਬਣਾਇਆ ਹੋਇਆ ਹੈ ਜਿੱਥੇ ਉਹ ਸੁਵਿਧਾ ਕੇਂਦਰ ਦੇ ਨਾਂ ’ਤੇ ਆਂਧਰਾ ਪ੍ਰਦੇਸ਼ ਦੀ ਆਈਡੀ ’ਤੇ ਪੰਜਾਬ ਦੇ ਲੋਕਾਂ ਦੇ ਜਾਅਲੀ ਸਰਟੀਫਿਕੇਟ ਅਤੇ ਆਧਾਰ ਐਨਰੋਲਮੈਂਟ ਅਪਡੇਟ ਫਾਰਮ ਤਿਆਰ ਕਰਕੇ, ਉਨ੍ਹਾਂ ’ਤੇ ਨਕਲੀ ਤਸਦੀਕ ਕਰ ਕੇ ਕੇ, ਦਸਤਖਤ ਕਰ ਕੇ ਨਾਜਾਇਜ਼ ਢੰਗ ਨਾਲ ਨਕਲੀ ਅਧਾਰ ਕਾਰਡ ਨੂੰ ਅਸਲੀ ਦੱਸ ਕੇ ਦਿੰਦੇ ਸਨ।
ਦਰਅਸਲ ਪੁਲਿਸ ਦੀ ਸੀਆਈਏ-3 ਟੀਮ ਨੇ ਦੂਜੇ ਰਾਜਾਂ ਦੀ ਆਈਡੀ ’ਤੇ ਸਥਾਨਕ ਲੋਕਾਂ ਦੇ ਜਾਅਲੀ ਆਧਾਰ ਕਾਰਡ ਬਣਾ ਕੇ ਜਾਅਲਸਾਜ਼ੀ ਚਲਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 3 ਲੈਪਟਾਪ, 74 ਜਾਅਲੀ ਆਧਾਰ ਕਾਰਡ ਅਤੇ 8 ਵੋਟਰ ਕਾਰਡ ਬਰਾਮਦ ਹੋਏ ਹਨ।
ਪੁਲਿਸ ਸਟੇਸ਼ਨ ਫੋਕਲ ਪੁਆਇੰਟ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਤੋਂ ਦੋ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਖੰਨਾ ਦੇ ਪਿੰਡ ਬੈਲਸਰ ਖੁਰਦ ਦੇ ਵਾਸੀ ਜੋਰਾ ਸਿੰਘ ਅਤੇ ਖੰਨਾ ਦੇ ਪਿੰਡ ਕਮਾਲਪੁਰ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਵਜੋਂ ਹੋਈ ਹੈ।
ਗਿਰੋਹ ਦੇ ਮੈਂਬਰ ਆਧਾਰ ਕਾਰਡ ਬਣਾਉਣ ਲਈ 800 ਰੁਪਏ ਲੈਂਦੇ ਸਨ। ਜਦੋਂ ਕਿ ਸਰਕਾਰੀ ਫੀਸ ਸਿਰਫ 50 ਰੁਪਏ ਹੈ। ਇਸ ਤੋਂ ਇਲਾਵਾ ਕਾਰਡ ਵਿੱਚ ਗਲਤੀਆਂ ਠੀਕ ਕਰਨ ਲਈ ਲੋਕਾਂ ਤੋਂ ਮੋਟੀਆਂ ਫੀਸਾਂ ਵੀ ਵਸੂਲੀਆਂ ਜਾਂਦੀਆਂ ਸਨ। ਭੁਪਿੰਦਰ ਸਿੰਘ ਨੇ ਦੱਸਿਆ ਕਿ ਜੁਗਿਆਨਾ ਦੇ ਰਹਿਣ ਵਾਲੇ ਕਮਲਦੇਵ ਅਤੇ ਕੁਲਦੀਪ ਸਿੰਘ ਨੇ ਦੋਵਾਂ ਮੁਲਜ਼ਮਾਂ ਨੂੰ ਉਕਤ ਆਈਡੀ ਲਿਆ ਕੇ ਦਿੱਤੀ ਸੀ। ਬਦਲੇ ਵਿੱਚ ਉਹ ਦੋਵਾਂ ਤੋਂ ਕਮਿਸ਼ਨ ਵਸੂਲਦਾ ਸੀ। ਉਨ੍ਹਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।