ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੇ ਬੱਸ ਸਟੈਂਡ ਤੋਂ ਇਕ ਬੱਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਦਰਅਸਲ ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਹਰਿਆਣਾ ਰੋਡਵੇਜ਼ ਦੀ ਬੱਸ ਹੀ ਚੋਰੀ ਹੋ ਗਈ। ਇਸ ਗੱਲ ਦੀ ਸੂਚਨਾ ਹਰਿਆਣਆ ਰੋਡਵੇਜ਼ ਬੱਸ ਦੇ ਡਰਾਈਵਰ ਵਲੋਂ ਪੁਲਿਸ ਨੂੰ ਦਿੱਤੀ ਗਈ ਹੈ, ਜਿਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਸਬੰਧ ’ਚ ਹਰਿਆਣਾ ਰੋਡਵੇਜ਼ ਬੱਸ ਡਰਾਈਵਰ ਨੇ ਕਿਹਾ ਕਿ ਉਹ ਬੀਤੇ ਦਿਨ ਹਰਿਆਣੇ ਤੋਂ ਬੱਸ ਲੈ ਕੇ ਅੰਮ੍ਰਿਤਸਰ ਪਹੁੰਚੇ ਸਨ ਤੇ ਇਹ ਬੱਸ ਹਰ ਰੋਜ਼ ਹਰਿਆਣਾ ਤੋਂ ਅੰਮ੍ਰਿਤਸਰ ਜਾਂਦੀ ਹੈ। ਇਸ ਤੋਂ ਬਾਅਦ ਕੱਲ੍ਹ ਜਿਵੇਂ ਹੀ ਉਹ ਬੱਸ ਸਟੈਂਡ ਪਹੁੰਚੇ ਤਾਂ ਉਹ ਖਾਣਾ ਖਾਣ ਚਲੇ ਗਏ ਤੇ ਜਦੋਂ ਵਾਪਿਸ ਆਏ ਤਾਂ ਉੱਥੇ ਬੱਸ ਨਹੀਂ ਸੀ। ਇਸ ਘਟਨਾ ਦੀ ਸੂਚਨਾ ਜਦੋਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਉਸ ਦੀ ਬੱਸ ਲੱਭ ਕੇ ਦਿੱਤੀ। ਬੱਸ ਅੱਜ ਸੜਕ ’ਤੇ ਖੜ੍ਹੀ ਮਿਲੀ। ਡਰਾਈਵਰ ਨੇ ਕਿਹਾ ਕਿ ਬੱਸ ’ਚ ਰੱਖਿਆ ਹੋਇਆ ਕਾਫ਼ੀ ਹੱਦ ਤੱਕ ਸਾਮਾਨ ਵੀ ਚੋਰੀ ਹੋ ਗਿਆ। ਉਸ ਨੇ ਇਸ ਸੰਬੰਧੀ ਪੁਲਿਸ ਨੂੰ ਵੀ ਦਰਖ਼ਾਸਤ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਅੱਜ ਤੱਕ ਉਨ੍ਹਾਂ ਕੋਲ ਬੱਸ ਚੋਰੀ ਹੋਣ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਦੋਸ਼ੀ ਹੋਇਆ ਉਸ ਖਿਲਾਫ਼ ਕਾਰਵਾਈ ਹੋਵੇਗੀ।