ਨਾਗੌਰ : ਰਾਜਸਥਾਨ ਵਿਚ ਨਾਗੌਰ ਸਥਿਤ ਸ੍ਰੀਬਾਲਾਜੀ ਦੇ ਨੇੜੇ ਅੱਜ ਤੜਕਸਾਰ ਸਵੇਰੇ ਭਿਆਨਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਸਾਰੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਹਾਦਸੇ ਵਿਚ ਜ਼ਖਮੀ ਹੋਏ 7 ਲੋਕਾਂ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਨੋਖਾ ਬਾਈਪਾਸ 'ਤੇ ਇਕ ਜੀਪ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ। ਇਸ ਤੋਂ ਬਾਅਦ ਹਾਈਵੇਅ ਉੱਤੇ ਕਾਫੀ ਲੰਬਾ ਜਾਮ ਲੱਗ ਗਿਆ ਹੈ। ਸਾਰੇ ਮ੍ਰਿਤਕ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਘਟੀਆ ਪੁਲਿਸ ਸਟੇਸ਼ਨ ਦੇ ਪਿੰਡ ਸੱਜਨ ਖੇੜਾ ਅਤੇ ਦੌਲਤਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਵਿਚ 8 ਔਰਤਾਂ ਅਤੇ 3 ਪੁਰਸ਼ ਹਨ। ਦੱਸਿਆ ਜਾ ਰਿਹਾ ਹੈ ਕਿ 12 ਸੀਟਰ ਜੀਪ ਵਿਚ 18 ਲੋਕ ਸਵਾਰ ਸਨ। ਇਹ ਸਾਰੇ ਲੋਕ ਰਾਮਦੇਵਰਾ ਵਿਚ ਦਰਸ਼ਨ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਜਾ ਰਹੇ ਸੀ। ਇਸ ਦੌਰਾਨ ਜੀਪ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ 8 ਲੋਕਾਂ ਦੀ ਮੌਤ ਹੋ ਗਈ। ਤਿੰਨ ਲੋਕਾਂ ਨੇ ਹਸਪਤਾਲ ਜਾਣ ਸਮੇਂ ਦਮ ਤੋੜ ਦਿੱਤਾ। ਕਈ ਲੋਕਾਂ ਦੀਆਂ ਲਾਸ਼ਾਂ ਜੀਪ ਵਿਚ ਹੀ ਫਸੀਆਂ ਰਹਿ ਗਈਆਂ। ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।