ਮੁੰਬਈ : ਅਦਾਕਾਰ ਅਰਮਾਨ ਕੋਹਲੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡ੍ਰਗਸ ਨਾਲ ਜੁੜੇ ਇਕ ਮਾਮਲੇ ’ਚ ਹਿਰਾਸਤ ਚ ਲੈ ਲਿਆ ਹੈ। ਐਨਸੀਬੀ ਨੇ ਸਨਿਚਰਵਾਰ ਦੁਪਹਿਰ ਅਰਮਾਨ ਕੋਹਲੀ ਦੇ ਜੁਹੂ ਸਥਿਤ ਬੰਗਲੇ ’ਚ ਛਾਪੇਮਾਰੀ ਕੀਤੀ ਤੇ ਕਈ ਘੰਟਿਆਂ ਦੀ ਪੁੱਛਗਿਛ ਮਗਰੋਂ ਉਨ੍ਹਾਂ ਨੂੰ ਆਪਣੀ ਜੀਪ ’ਚ ਬਿਠਾ ਕੇ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਅਰਮਾਨ ਦੇ ਘਰ ਹੋਈ ਛਾਪੇਮਾਰੀ ਦੌਰਾਨ ਐਨਸੀਬੀ ਨੂੰ ਕੁਝ ਮਾਤਰਾ ’ਚ ਡ੍ਰਗਸ ਮਿਲਿਆ ਹੈ। ਇਥੇ ਦਸ ਦਈਏ ਕਿ 70 ਤੇ 80ਵੇਂ ਦਹਾਕੇ ’ਚ ਇਕ ਬਾਲ ਕਲਾਕਾਰ ਦੇ ਤੌਰ ’ਤੇ ਅਤੇ ਫਿਰ 90 ਦੇ ਦਹਾਕੇ ’ਚ ਇਕ ਹੀਰੋ ਦੇ ਤੌਰ ’ਤੇ ਬਾਲੀਵੁੱਡ ’ਚ ਡੈਬਿਊ ਕਰਨ ਵਾਲੇ ਅਰਮਾਨ ਕੋਹਲੀ ਉਪਰ ਗੰਭੀਰ ਇਲਜਾਮ ਲੱਗੇ ਹਨ। ਪੜਤਾਲ ਦੌਰਾਨ ਮਿਲੇ ਨਸੇ ਸਬੰਧੀ
ਫਿਲਹਾਲ ਡ੍ਰਗਸ ਦੀ ਮਾਤਰਾ ਕਿੰਨੀ ਹੈ ਤੇ ਅਰਮਾਨ ਕੋਹਲੀ ਦਾ ਡ੍ਰਗਸ ਮਾਮਲੇ ’ਚ ਕੀ ਕਨੈਕਸ਼ਨ ਹੈ, ਇਸ ਸਬੰਧੀ ਹੁਣ ਤਕ ਐਨਸੀਬੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਜ਼ਿਕਰਯੋਗ ਹੈ ਕਿ ਅਰਮਾਨ ਕੋਹਲੀ ਮੁੰਬਈ ਦੇ ਜੁਹੂ ਸਥਿਤ ਵਿਕਾਸ ਪਾਰਕ ਸੋਸਾਇਟੀ ਦੇ ਬੰਗਲਾ ਨੰਬਰ 10 ’ਚ ਆਪਣੇ ਮਾਪਿਆਂ ਦੇ ਨਾਲ ਰਹਿੰਦੇ ਹਨ। ਇਸ ਸੁਸਾਇਟੀ ’ਚ ਕੁੱਲ 17 ਬੰਗਲੇ ਹਨ। ਐਨਸੀਬੀ 11 ਮੈਂਬਰੀ ਟੀਮ ਅਰਮਾਨ ਕੋਹਲੀ ਦੇ ਬੰਗਲੇ ’ਚ ਛਾਪੇਮਾਰੀ ਦੌਰਾਨ ਮੌਜੂਦ ਸੀ। ਬਾਅਦ ’ਚ ਸ਼ਾਮ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਵੀ ਸ਼ਾਮ ਨੂੰ ਅਰਮਾਨ ਕੋਹਲੀ ਤੋਂ ਪੁੱਛਗਿਛ ਕਰਨ ਪਹੁੰਚੇ ਸਨ। ਦੱਸ ਦੇਈਏ ਅਰਮਾਨ ਕੋਹਲੀ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। 2018 ’ਚ ਉਨ੍ਹਾਂ ’ਤੇ ਆਪਣੀ ਲਿਵ ਇਨ ਪਾਰਟਨਰ ਰਹੀ ਨੀਰੂ ਰੰਧਾਵਾ ਦੇ ਨਾਲ ਗਾਲੀ ਗਲੋਚ ਤੇ ਮਾਰਕੁੱਟ ਦਾ ਇਲਜ਼ਾਮ ਵੀ ਲੱਗਾ ਸੀ।