ਅਮ੍ਰਿਤਸਰ : ਇਥੇ ਸਨਿਚਰਵਾਰ ਸ਼ਾਮ ਨੂੰ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਵੱਲ ਇੱਕ ਸ਼ਖਸ ਨੇ ਜੁੱਤਾ ਸੁੱਟ ਦਿੱਤਾ। ਇਹ ਘਟਨਾ ਫਤੇਹਗੜ੍ਹ ਚੂੜੀਆਂ ਰੋਡ ਉੱਤੇ ਇੱਕ ਰਿਜਾਰਟ ਵਿੱਚ ਅਕਾਲੀ ਦਲ ਦੇ ਪ੍ਰੋਗਰਾਮ ਦੌਰਾਨ ਵਾਪਰੀ। ਦਰਅਸਲ ਭਾਜਪਾ ਵਲੋਂ ਕੱਢੇ ਜਾਣ ਦੇ ਬਾਅਦ ਸ਼ਿਰੋਮਣੀ ਅਕਾਲੀ ਦਲ ਵਿਚ ਗਏ ਸਾਬਕਾ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੇ ਇਕ ਪ੍ਰੋਗਰਾਮ ਰੱਖਿਆ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ। ਇਸ ਘਟਨਾ ਤੋਂ ਬਾਅਦ ਉੱਥੇ ਕੁੱਝ ਦੇਰ ਲਈ ਅਫਰਾਤਫਰੀ ਦਾ ਮਾਹੌਲ ਬਣ ਗਿਆ ਸੀ। ਹਾਲਾਂਕਿ ਜੁੱਤਾ ਸੁੱਟਣ ਵਾਲਾ ਸ਼ਖਸ ਸਟੇਜ ਤੋਂ ਕਾਫ਼ੀ ਦੂਰ ਸੀ ਅਤੇ ਸੁੱਟਿਆ ਗਿਆ ਜੁੱਤਾ ਸੁਖਬੀਰ ਬਾਦਲ ਤੱਕ ਪਹੁੰਚ ਨਹੀਂ ਸਕਿਆ। ਮੌਕੇ ਉੱਤੇ ਮੌਜੂਦ ਪੁਲਿਸ ਨੇ ਉਸ ਸ਼ਖਸ ਨੂੰ ਫੜ ਲਿਆ ਅਤੇ ਬਾਹਰ ਲੈ ਗਏ। ਜੂੱਤੀ ਸੁੱਟਣ ਵਾਲੇ ਸ਼ਖਸ ਦਾ ਨਾਮ ਬੂਟਾ ਸਿੰਘ ਹੈ ਅਤੇ ਉਹ ਅਪਾਹਜ ਵੀ ਹੈ। ਅਮ੍ਰਿਤਸਰ ਦੇ ਨਿਊ ਗੋਲਡਨ ਐਵੇਨਿਊ ਵਿੱਚ ਗਿਲ ਡੇੲਰੀ ਦੇ ਕੋਲ ਰਹਿਣ ਵਾਲੇ ਬੂਟਾ ਸਿੰਘ ਦੀ ਉਮਰ 42 ਸਾਲ ਹੈ ਅਤੇ ਉਨ੍ਹਾਂ ਦੀ ਇੱਕ ਲੱਤ ਪੋਲੀਓ ਦੀ ਸ਼ਿਕਾਰ ਹੈ। ਬੂਟਾ ਸਿੰਘ ਅਨੁਸਾਰ, ਉਸਨੂੰ ਲੱਗਦਾ ਹੈ ਕਿ ਸਾਰੇ ਨੇਤਾ ਝੂਠੇ ਵਾਅਦੇ ਕਰਦੇ ਹਨ ਅਤੇ ਇਸੇ ਸਬੰਧ ਵਿਚ ਉਸ ਨੇ ਆਪਣਾ ਵਿਰੋਧ ਜਤਾਉਣ ਲਈ ਇਹ ਹਰਕੱਤ ਕੀਤੀ। ਉੱਧਰ ਦੇਰ ਸ਼ਾਮ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੇਸ ਦਰਜ ਨਹੀਂ ਕੀਤਾ ।