ਗੁਰਦਾਸਪੁਰ : ਗੁਰਦਾਸਪੁਰ ਬਟਾਲਾ ਰੋਡ 'ਤੇ ਇਕ ਗਰਭਵਤੀ ਮਹਿਲਾ ਵੱਲੋਂ ਕੜੀ ਚੌਲ ਵੇਚ ਕੇ ਅਪਣੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ।ਦੱਸ ਦਈਏ ਕੀ ਇਸ ਗਰਭਵਤੀ ਔਰਤ ਦਾ ਨਾਮ ਰਜਨੀ ਹੈ ਤੇ ਇਸ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਜਿਸ ਦੇ ਚਲਦਿਆਂ ਰਜਨੀ ਨੇ ਕੜੀ ਚੌਲ ਵੇਚਣ ਦਾ ਕੰਮ ਸ਼ੁਰੂ ਕਰ ਕੇ ਹੌਂਸਲੇ ਦੀ ਮਿਸਾਲ ਪੈਦਾ ਕੀਤੀ ਸੀ। ਮਹਿਲਾਦੀ ਵੀਡੀਓ ਵੀ ਵਾਇਰਲ ਹੋਈ ਸੀ ਅਤੇ ਕਈ ਲੋਕਾਂ ਨੇ ਵੀਡੀਓ ਸ਼ੇਅਰ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚੇ ਅਤੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਜਦੋਂ ਇਹ ਵੀਡੀਓ ਮਹਿਲਾ ਕਮਿਸ਼ਨ ਪੰਜਾਬ ਮਨੀਸ਼ਾ ਗੁਲਾਟੀ ਦੇ ਧਿਆਨ 'ਚ ਆਇਆ ਤਾਂ ਅੱਜ ਉਨ੍ਹਾਂ ਨੇ ਗੁਰਦਾਸਪੁਰ ਦੇ ਬਟਾਲਾ ਰੋਡ 'ਤੇ ਪਹੁੰਚ ਕੇ ਉਕਤ ਗਰਭਵਤੀ ਮਹਿਲਾ ਨਾਲ ਗੱਲਬਾਤ ਕੀਤੀ ਅਤੇ ਉਸ ਦਾ ਹਾਲ ਜਾਣਿਆ।
ਉਨ੍ਹਾਂ ਦੱਸਿਆ ਕਿ ਔਰਤ ਦੀ 20 ਹਜ਼ਾਰ ਦੀ ਮਦਦ ਕੀਤੀ ਗਈ ਹੈ ਅਤੇ ਪੈਨਸ਼ਨ ਲਗਾਉਣ ਦੇ ਨਾਲ-ਨਾਲ ਇਕ ਕਾਊਂਟਰ ਲਗਾ ਕੇ ਉਸ ਦਾ ਪੱਕਾ ਅੱਡਾ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਰਜਨੀ ਨਾਲ ਮੁਲਾਕਾਤ ਕਰਦਿਆਂ ਦੀ ਵੀਡੀਓ ਨੂੰ ਮਨੀਸ਼ਾ ਗੁਲਾਟੀ ਨੇ ਅਪਣੇ ਫੇਸਬੁੱਕ ਪੇਜ਼ 'ਤੇ ਵੀ ਸਾਂਝਾ ਕੀਤਾ ਹੈ। ਮਨੀਸ਼ਾ ਗੁਲਾਟੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ 'ਮੇਰੇ ਤੱਕ ਵੀਡੀਓ ਪਹੁੰਚੀ ਜਿਸ ਵਿਚ ਗੁਰਦਾਸਪੁਰ ਦੀ ਵਾਸੀ ਰਜਨੀ ਬਾਲਾ ਇੱਕ ਗਰਭਵਤੀ ਮਹਿਲਾ ਆਪਣਾ ਘਰ ਚਲਾਉਣ ਵਾਸਤੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਵਾਸਤੇ ਸੜਕ 'ਤੇ ਚਾਵਲ ਬਣਾ ਕੇ ਵੇਚ ਰਹੀ ਸੀ। ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਪਰ ਮੈਂ ਇਹਨਾਂ ਦੀ ਹਿੰਮਤ ਤੇ ਜਜ਼ਬੇ ਨੂੰ ਸਲਾਮ ਕਰਦੀ ਹਾਂ ਜੋ ਇਹਨਾਂ ਨੇ ਇਸ ਹਾਲਤ ਵਿਚ ਵੀ ਹਿੰਮਤ ਨਹੀਂ ਹਾਰੀ ਤੇ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣ ਵਾਲੀ ਸੋਚ ਰੱਖੀ। ਇਹਨਾਂ ਨੂੰ ਜੋ ਵੀ ਮਦਦ ਦੀ ਲੋੜ ਹੋਵੇਗੀ ਅਸੀਂ ਕਰਾਂਗੇ, ਬਾਕੀ ਇਹਨਾਂ ਦੀ ਤੰਦਰੁਸਤੀ ਦੀ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ'