ਚੰਡੀਗੜ੍ਹ: ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਵਿਚ ਏਕਤਾ ਕਰਵਾਉਣ ਲਈ ਹਰ ਹੀਲਾ ਵਰਤ ਲਿਆ ਹੈ ਪਰ ਹਾਲੇ ਵੀ ਲੱਗ ਰਿਹਾ ਹੈ ਕਿ ਸੱਭ ਕੁੱਝ ਠੀਕ ਨਹੀਂ ਹੈ। ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਤੇ ਮੰਤਰੀਆਂ ਨਾਲ ਬੈਠਕ ਕਰ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਕਾਰਵਾਈ ਵੀ ਜਾਰੀ ਰੱਖ ਰਹੇ ਹਨ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਤੇ ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਰਾਤ ਦੇ ਖਾਣੇ 'ਤੇ ਵੱਡੀ ਗਿਣਤੀ ਵਿੱਚ 59 ਵਿਧਾਇਕ ਤੇ ਅੱਠ ਸੰਸਦ ਮੈਂਬਰ ਸ਼ਾਮਲ ਹੋਏ। ਹਾਈ ਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਹਰਕਤ ਵਿੱਚ ਆ ਗਏ ਹਨ। ਕੈਪਟਨ ਨੇ ਆਪਣੀ ਡਿਨਰ ਡਿਪਲੋਮੇਸੀ ਨਾਲ ਪਹਿਲਾਂ ਆਪਣੇ ਪੱਖ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਮੇਲ-ਜੋਲ ਵਧਾਇਆ। ਪੰਜਾਬ ਵਿੱਚ ਕਾਂਗਰਸ ਦੇ 80 ਵਿਧਾਇਕ ਤੇ ਅੱਠ ਸੰਸਦ ਮੈਂਬਰ ਹਨ, ਜਿਨ੍ਹਾਂ ਵਿੱਚੋਂ 59 ਐਮਐਲਏ ਤੇ ਸਾਰੇ ਐਮਪੀ ਕੈਪਟਨ ਦੀ ਡਿਨਰ ਪਾਰਟੀ ਵਿੱਚ ਸ਼ਾਮਲ ਹੋਏ ਹਨ। ਵਿਧਾਇਕ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਮੌਜੂਦਾ ਵਿਧਾਇਕਾਂ ਤੋਂ ਇਲਾਵਾ ਸਾਲ 2017 ਵਿੱਚ ਚੋਣ ਲੜਨ ਵਾਲੇ 15 ਨੇਤਾ ਵੀ ਕੈਪਟਨ ਨਾਲ ਮੌਜੂਦ ਸਨ। ਉੱਧਰ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਾਂਅ ਲਏ ਬਗ਼ੈਰ ਇੱਕ ਵੀਡੀਓ ਵੀ ਪੋਸਟ ਕੀਤੀ ਤੇ ਚੋਣ ਵਾਅਦੇ ਯਾਦ ਕਰਵਾਏ ਅਤੇ ਅੰਮ੍ਰਿਤਸਰ ਵਿੱਚ ਵਪਾਰੀਆਂ ਨਾਲ ਕੀਤੀ ਬੈਠਕ ਵਿੱਚ ਵੀ ਉਨ੍ਹਾਂ ਖ਼ੂਬ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਬਿਜਲੀ ਨੌਂ ਰੁਪਏ ਦੀ ਬਜਾਇ ਤਿੰਨ ਰੁਪਏ ਪ੍ਰਤੀ ਯੂਨਿਟ ਹੋਣੀ ਚਾਹੀਦੀ ਹੈ ਤੇ ਪੰਜਾਬ ਵਿੱਚ ਇੱਕ ਲੱਖ ਪੋਸਟ ਵੀ ਭਰੀ ਨਹੀਂ ਗਈ ਹੈ।