ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਮਾਨ ਨਾਲ ਉਸ ਵਕਤ ਮਾੜੀ ਹੋਈ ਜਦੋਂ ਉਨ੍ਹਾਂ ਵਿਰੁਧ ਪੁਲਿਸ ਨੇ ਪਰਚਾ ਦਰਜ ਕਰ ਲਿਆ। ਦਰਅਸਲ ਗੁਰਦਾਸ ਮਾਨ ਆਪਣੇ ਬਿਆਨ ਕਰ ਕੇ ਮੁੜ ਵਿਵਾਦਾਂ ’ਚ ਹਨ ਅਤੇ ਹੁਦ ਪੁਲਿਸ ਨੇ ਧਾਰਾ 295-ਅ ਤਹਿਤ ਮਾਮਲਾ ਦਰਜ ਕੀਤਾ ਹੈ। ਦਸ ਦਈਏ ਕਿ ਪੰਜਾਬੀ ਗਾਇਕ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਨਕੋਦਰ ਸਿਟੀ ਥਾਣੇ ’ਚ ਪਰਚਾ ਦਰਜ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਨਕੋਦਰ ਦੇ ਪ੍ਰਸਿੱਧ ਮੇਲੇ ਵਿੱਚ ਇੱਕ ਸਾਧ ਨੂੰ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਜੋੜੇ ਜਾਣ ਕਾਰਨ ਸਿੱਖ ਭਾਈਚਾਰਾ ਗੁਰਦਾਸ ਮਾਨ ਤੋਂ ਬੇਹੱਦ ਖਫਾ ਹੈ। ਗੁਰਦਾਸ ਮਾਨ ਦੇ ਬੋਲਾਂ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਗੁਰਦਾਸ ਮਾਨ ਤੇ ਪਰਚਾ ਦਰਜ ਕਰਵਾਉਣ ’ਤੇ ਅੜ੍ਹੀਆਂ ਹੋਈਆਂ ਸਨ। ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਗੁਰਦਾਸ ਮਾਨ ਵਿਰੁਧ ਕਾਰਵਾਈ ਨਾ ਹੋਈ ਤਾਂ ਸੂਬੇ ਭਰ ਵਿੱਚ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਉਹ ਮੁਆਫੀ ਮੰਗਦੇ ਹਨ । ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਗੁਰੂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ ਕਦੇ ਵੀ ਗੁਰੂ ਨਾਲ ਬਾਬਾ ਮੁਰਾਦ ਸ਼ਾਹ ਦੀ ਤੁਲਨਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਮਤਲਬ ਇਹ ਸੀ ਕਿ ਤੀਜੇ ਗੁਰੂ ਵੀ ਭੱਲਾ ਪਰਿਵਾਰ ਵਿਚੋਂ ਸਨ ਤੇ ਬਾਬਾ ਮੁਰਾਦ ਸ਼ਾਹ ਵੀ ਭੱਲਾ ਪਰਿਵਾਰ ਵਿਚੋਂ ਸਨ। ਦੱਸ ਦਈਏ ਕਿ ਗਾਇਕ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ ਰੋਹ ਵਿੱਚ ਹਨ।