ਅੰਮ੍ਰਿਤਸਰ: ਅੰਮ੍ਰਿਤਸਰ 'ਚ ਟਿਫਨ ਬੰਬ ਕੇਸ 'ਚ ਵੱਡੀ ਕਾਰਵਾਈ ਕੀਤੀ ਗਈ ਹੈ। ਇਸੇ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਜਲੰਧਰ ਸਥਿਤ ਘਰ 'ਚ NIA ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਜਸਬੀਰ ਸਿੰਘ ਰੋਡ ਦੇ ਘਰ ਵੀਰਵਾਰ ਦੇਰ ਰਾਤ ਛਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ ਉਨ੍ਹਾਂ ਦੇ ਪੁੱਤਰ ਨੂੰ ਹਿਰਾਸਤ 'ਚ ਲੈ ਲਿਆ ਗਿਆ। ਭਾਈ ਜਸਬੀਰ ਸਿੰਘ ਰੋਡੇ ਦੇ ਕਰੀਬੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਰਾਤ 12 ਵਜੇ NIA ਦੀ ਟੀਮ ਭਾਈ ਰੋਡੇ ਦੇ ਅਰਬਨ ਅਸਟੇਟ ਨੇੜੇ ਹਰਦਿਆਲ ਨਗਰ ਸਥਿਤ ਘਰ ਪੁੱਜੀ ਤੇ ਉਨ੍ਹਾਂ ਦੇ ਪੁੱਤਰ ਗੁਰਮੁਖ ਸਿੰਘ ਨੂੰ ਗ੍ਰਿਫਤਾਰ ਕਰ ਕੇ ਲੈ ਗਈ ਹੈ। ਭਾਈ ਰੋਡੇ ਦੇ ਘਰੋਂ ਵਿਸਫੋਟਕ ਬਰਾਮਦ ਹੋਣ ਦੀ ਵੀ ਖਬਰ ਹੈ, ਹਾਲਾਂਕਿ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਰੋਡੇ ਦਾ ਕੁਝ ਸਮਾਂ ਪਹਿਲਾਂ ਆਪ੍ਰੇਸ਼ਨ ਹੋਇਆ ਹੈ ਜਿਸ ਕਾਰਨ NIA ਦੀ ਟੀਮ ਉਨ੍ਹਾਂ ਦੇ ਪੁੱਤਰ ਨੂੰ ਨਾਲ ਲੈ ਗਈ।