ਭਵਾਨੀਗੜ੍ਹ : ਅੱਜ ਦਿਨ ਦਿਹਾੜੇ ਸਕੂਟਰੀ ਸਵਾਰ ਨਕਾਬਪੋਸ਼ ਇਕ ਘਰ ਦੇ ਬਾਹਰੋਂ 6 ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਏ। ਇਹ ਘਟਨਾ ਪਿੰਡ ਘਰਾਚੋਂ ਦੀ ਹੈ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਪਿੰਡ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰਨੀ ਸ਼ੁਰੂ ਕਰ ਦਿੱਤੀ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਘਰਾਚੋਂ ਤੋਂ ਨਾਗਰਾ ਪਿੰਡ ਨੂੰ ਜਾਂਦੀ ਲਿੰਕ ਰੋਡ 'ਤੇ ਸਥਿਤ ਇਕ ਘਰ ਦੇ ਬਾਹਰ ਦੁਪਹਿਰ ਸਮੇਂ ਸਕੂਟਰੀ 'ਤੇ ਮੂੰਹ ਬੰਨ੍ਹ ਕੇ ਆਏ ਵਿਅਕਤੀ ਤੇ ਔਰਤ ਉੱਥੇ ਖੇਡ ਰਹੀ 6 ਸਾਲ ਦੀ ਕੁੜੀ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ। ਮੁੱਢਲੀ ਜਾਂਚ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਚੁੱਕੀ ਗਈ ਬੱਚੀ ਦੇ ਮਾਤਾ-ਪਿਤਾ ਦਾ ਪਿਛਲੇ ਡੇਢ ਸਾਲ ਤੋਂ ਆਪਸ 'ਚ ਘਰੇਲੂ ਝਗੜਾ ਚੱਲ ਰਹਾ ਹੈ ਤੇ ਬੱਚੀ ਦੀ ਮਾਂ ਹੀ ਬੱਚੀ ਨੂੰ ਚੁੱਕ ਕੇ ਲੈ ਗਈ ਹੈ। ਪੁਲਿਸ ਨੇ ਟੀਮਾਂ ਗਠਿਤ ਕਰ ਕੇ ਬੱਚੇ ਨੂੰ ਲਿਜਾਣ ਵਾਲੀ ਔਰਤ ਤੇ ਉਸਦੇ ਨਾਲ ਆਏ ਵਿਅਕਤੀ ਦੀ ਭਾਲ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਚੁੱਕੀ ਗਈ ਬੱਚੀ ਦੀ ਦਾਦੀ ਮਲਕੀਤ ਕੌਰ ਨੇ ਦੱਸਿਆ ਕਿ ਉਸਦੇ ਮੁੰਡੇ ਗੁਰਜੀਤ ਸਿੰਘ ਦੀ ਆਪਣੀ ਪਤਨੀ ਨਾਲ ਅਣਬਣ ਚੱਲਦੀ ਹੈ। ਉਸਦੀਆਂ 2 ਪੋਤੀਆਂ ਤੇ ਇਕ ਪੋਤਾ ਉਸ ਨਾਲ ਰਹਿੰਦੇ ਹਨ। ਮੰਗਲਵਾਰ ਦੁਪਹਿਰੇ ਉਸਦੀ ਛੋਟੀ ਪੋਤੀ ਅਮਨਦੀਪ ਕੌਰ ਆਪਣੀ ਵੱਡੀ ਭੈਣ ਨੂੰ ਘਰੋਂ ਬਾਹਰ ਸੜਕ 'ਤੇ ਦੇਖਣ ਗਈ ਸੀ ਜਿਸ ਦੌਰਾਨ ਗੁਰਜੀਤ ਸਿੰਘ ਦੀ ਪਤਨੀ ਉਸਦੀ ਛੋਟੀ ਪੋਤੀ ਨੂੰ ਸਕੂਟਰੀ 'ਤੇ ਚੁੱਕ ਕੇ ਲੈ ਗਈ। ਇਸ ਦੌਰਾਨ ਉਸ ਨਾਲ ਇਕ ਹੋਰ ਵਿਅਕਤੀ ਵੀ ਸੀ।