ਕਿਸਾਨਾਂ ਦੋ ਰੋਹ ਦਾ ਸ਼ਿਕਾਰ
ਜ਼ੀਰਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੇ ਕਲ ਹੀ ਐਲਾਨ ਕੀਤਾ ਸੀ ਕਿ ਉਹ ਪੰਜਾਬ ਵਿਚ 100 ਦਿਨ ਯਾਤਰਾ ਕਰ ਕੇ ਲੋਕਾਂ ਕੋਲ ਜਾਣਗੇ ਅਤੇ ਆਉਣ ਵਾਲੀਆਂ ਚੋਣਾਂ ਸਬੰਧੀ ਪ੍ਰਚਾਰ ਵੀ ਕਰਨਗੇ। ਅੱਜ ਇਸ ਯਾਤਰਾ ਦਾ ਪਹਿਲਾ ਦਿਨ ਸੀ ਜਿਸ ਦੌਰਾਨ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਅੱਜ ਜਿਸ ਤਰੀਕੇ ਨਾਲ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਪਹਿਲੇ ਦਿਨ ਹੀ ਵਿਰੋਧ ਕੀਤਾ ਹੈ, ਇਸ ਤੋਂ ਤੈਅ ਹੈ ਕਿ ਅਕਾਲੀ ਦਲ ਨੂੰ ਅੱਗੇ ਕਈ ਮੁਸ਼ਕਲਾਂ ਦੀ ਸਾਹਮਣਾ ਕਰਨਾ ਪਏਗਾ। ਤਾਜਾ ਮਿਲੀ ਜਾਣਕਾਰੀ ਅਨੁਸਾਰ ਅੱਜ ਜ਼ੀਰਾ ਵਿੱਚ ਜਦੋਂ ਉਨ੍ਹਾਂ ਯਾਤਰਾ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ। ਫਿਰੋਜ਼ਪੁਰ ਦੇ ਹਲਕਾ ਜ਼ੀਰਾ 'ਚ ਪੁਲ ਦੇ ਨਜ਼ਦੀਕ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡਾ ਦਿਖਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਫੋਰਸ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਰਹੀ। ਦੱਸ ਦਈਏ ਕਿ ਸੁਖਬੀਰ ਬਾਦਲ ਨੇ ਸੋਮਵਾਰ ਨੂੰ ਹੀ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਭ੍ਰਿਸ਼ਟਾਚਾਰ ਵੱਲ ਧਿਆਨ ਖਿੱਚਣ ਲਈ ਮੰਗਲਵਾਰ ਤੋਂ 100 ਹਲਕਿਆਂ ਨੂੰ ਕਵਰ ਕਰਦੇ ਹੋਏ 100 ਦਿਨਾਂ ਦੀ ਯਾਤਰਾ ਕਰਨਗੇ। ਉਨ੍ਹਾਂ ਅੱਜ ਸਾਬਕਾ ਮੁੱਖ ਮੰਤਰੀ ਤੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਆਸ਼ੀਰਵਾਦ ਲੈ ਕੇ ਇਹ ਯਾਤਰਾ ਜ਼ੀਰਾ ਤੋਂ ਸ਼ੁਰੂ ਕੀਤੀ।
ਦੱਸ ਦਈਏ ਕਿ ਸੁਖਬੀਰ ਨੇ ਕਾਂਗਰਸ ਤੇ 'ਆਪ' ਦੋਵਾਂ ਵਿਰੁੱਧ ਦੋਸ਼ ਪੱਤਰ ਜਾਰੀ ਕੀਤੇ ਹਨ। ਬੀਤੇ ਦਿਨੀਂ ਪਾਰਟੀ ਦੀ ਮੁਹਿੰਮ 'ਗੱਲ ਪੰਜਾਬ ਦੀ' ਸ਼ੁਰੂ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਹ ਆਪਣੀ 100 ਦਿਨਾਂ ਯਾਤਰਾ ਦੌਰਾਨ 700 ਜਨ ਸਭਾਵਾਂ ਕਰਨਗੇ ਤੇ ਸਮਾਜ ਦੇ ਹਰ ਵਰਗ ਨੂੰ ਸੰਬੋਧਨ ਕਰਨਗੇ।