ਅਜਨਾਲਾ : ਪੰਜਾਬ ਵਿਚ ਕੋਰੋਨਾ ਦਾ ਖਤਰਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਕੂਲ ਨੂੰ ਖੁੱਲ੍ਹਿਆ ਅਜੇ ਬਹੁਤਾ ਸਮਾਂ ਨਹੀਂ ਹੋਇਆ ਪਰ ਵੱਡੀ ਗਿਣਤੀ ਵਿਚ ਵਿਦਿਆਰਥੀ ਇਸ ਦੀ ਲਪੇਟ ਵਿਚ ਆਉਣੇ ਸ਼ੁਰੂ ਹੋ ਗਏ ਹਨ।
ਲੁਧਿਆਣਾ ਤੇ ਟਾਂਡਾ ਤੋਂ ਬਾਅਦ ਹੁਣ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ 8 ਵਿਦਿਆਰਥਣਾਂ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਪਾਈ ਗਈ ਹੈ। ਸਕੂਲ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ, ਸਿਹਤ ਵਿਭਾਗ ਵੱਲੋਂ ਸਕੂਲ ਸਟਾਫ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।
ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ । SMO ਡਾ. ਓਮ ਪ੍ਰਕਾਸ਼ ਨੇ ਦੱਸਿਆ ਕਿ ਸਕੂਲ ਸਟਾਫ ਅਤੇ ਬੱਚਿਆਂ ਦੇ ਟੈਸਟ ਕਰਨ ਦੇ ਨਾਲ ਨਾਲ ਸਕੂਲ ਨੂੰ ਸੇਨੇਟਾਈਜ਼ ਕੀਤਾ ਜਾਵੇਗਾ ।
ਦੱਸ ਦੇਈਏ ਕਿ, ਜਦੋਂ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਸਕੂਲ ਖੋਲ੍ਹੇ ਗਏ ਸਨ, ਕੁਝ ਦਿਨਾਂ ਬਾਅਦ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਕਿਉਂਕਿ ਵੱਡੀ ਗਿਣਤੀ ਵਿੱਚ ਬੱਚੇ ਕੋਰੋਨਾ ਦਾ ਸ਼ਿਕਾਰ ਹੋਣ ਲੱਗੇ ਸਨ। ਹੁਣ ਸਰਕਾਰ ਨੇ 2 ਅਗਸਤ ਤੋਂ ਸਾਰੇ ਵਰਗਾਂ ਦੇ ਬੱਚਿਆਂ ਲਈ ਸਕੂਲਾਂ ਦੇ ਦਰਵਾਜ਼ੇ ਖੋਲ੍ਹੇ ਸਨ ਜਦੋਂ ਕੋਰੋਨਾ ਦੇ ਕੇਸ ਘੱਟ ਹੋਏ ਸਨ। ਇਸ ਦੇ ਨਾਲ ਹੀ, ਹੁਣ ਮਾਪੇ ਦੁਵਿਧਾ ਵਿੱਚ ਹਨ ਕਿ ਉਨ੍ਹਾਂ ਨੂੰ ਸਕੂਲ ਭੇਜਣਾ ਹੈ ਜਾਂ ਨਹੀਂ।