ਰਾਂਚੀ : ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ 17 ਜੁਲਾਈ ਨੂੰ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ 6 ਸਾਲਾ ਮਾਸੂਮ ਬੱਚੀ ਅਚਾਨਕ ਗਾਇਬ ਹੋ ਗਈ ਸੀ। ਬੱਚੀ ਦੀ ਮਾਂ ਆਂਚਲ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁੱਝ ਔਰਤਾਂ ਨੂੰ ਕਾਬੂ ਕੀਤਾ ਅਤੇ ਬਚੀ ਬਰਾਮਦ ਕਰ ਲਈ ਗਈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਜਦੋਂ ਬੂਟੀ ਮੋੜ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਵੇਖੀ ਤਾਂ ਪਤਾ ਲੱਗਾ ਕਿ ਮਾਮਲਾ ਅਗਵਾ ਕਰਨ ਦਾ ਹੈ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦੋ ਔਰਤਾਂ ਬੱਚੀ ਨੂੰ ਆਪਣੇ ਨਾਲ ਲਿਜਾਂਦੀਆਂ ਹੋਈਆਂ ਵੇਖੀਆਂ ਗਈਆਂ। ਜਿਸ ਆਟੋ ਵਿਚ ਔਰਤਾਂ ਬਚੀ ਨੂੰ ਲਿਜਾ ਰਹੀਆਂ ਸਨ ਉਸ ਦਾ ਪਤਾ ਪੁਲਿਸ ਨੂੰ ਸੀ.ਸੀ.ਟੀ.ਵੀ. ਫੁਟੇਜ ਦੇ ਜ਼ਰੀਏ ਹੀ ਲੱਗਾ। ਜਾਂਚ ਦੌਰਾਨ ਆਟੋ ਦਾ ਪਤਾ ਲਾਇਆ ਗਿਆ ਅਤੇ ਆਟੋ ਡਰਾਈਵਰ ਨੇ ਔਰਤਾਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮੁਲਜਮ ਔਰਤਾਂ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਔਰਤਾਂ ਨੇ ਸਿਰਫ਼ 40 ਹਜ਼ਾਰ ਰੁਪਏ ਲਈ ਬੱਚੀ ਨੂੰ ਅਗਵਾ ਕੀਤਾ ਸੀ, ਫਿਰ ਉਸ ਨੂੰ ਵੇਚ ਦਿੱਤਾ।