ਚੰਡੀਗੜ੍ਹ : ਕਈ ਨਿਜੀ ਸਕੂਲਾਂ ਵਲੋਂ ਮਾਪਿਆਂ ਦਾ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਸ ਸਬੰਧੀ ਮਿਲੀਆਂ ਰੀਪੋਰਟਾਂ 'ਤੇ ਕਾਰਵਾਈ ਕਰਦਿਆਂ ਪੰਜਾਬ ਨੇ ਸੂਬੇ ਵਿਚ ਸਾਰੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਮਾਪਿਆਂ ਨੂੰ ਸਕੂਲ ਵਲੋਂ ਸੁਝਾਈ ਗਈ ਦੁਕਾਨ/ਫ਼ਰਮ ਤੋਂ ਕਿਤਾਬਾਂ ਜਾਂ ਵਰਦੀਆਂ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਦੇ। ਇਸਦੇ ਨਾਲ ਹੀ ਸਕੂਲ ਦੀ ਹਦੂਦ ਵਿਚ ਕਿਤਾਬਾਂ ਅਤੇ ਵਰਦੀਆਂ ਦੀ ਵਿੱਕਰੀ 'ਤੇ ਵੀ ਰੋਕ ਲਗਾ ਦਿਤੀ ਗਈ ਹੈ।
ਇਸ ਸਬੰਧੀ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਕੂਲ ਵਲੋਂ ਲਗਾਈ ਗਈ ਵਰਦੀ ਘੱਟੋ-ਘੱਟ ਤਿੰਨ ਸਾਲ ਲਈ ਲਾਗੂ ਰਹੇਗੀ ਅਤੇ ਇਸ ਸਮੇਂ ਦੌਰਾਨ ਵਰਦੀ ਦੇ ਰੰਗ ਅਤੇ ਡਿਜ਼ਾਇਨ ਵਿਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਵਰਦੀ ਦੇ ਰੰਗ, ਡਿਜ਼ਾਇਨ, ਟੈਕਸਚਰ/ ਮਟੀਰੀਅਲ ਆਦਿ ਸਬੰਧੀ ਸਾਰੀ ਜਾਣਕਾਰੀ ਸਕੂਲ ਦੀ ਵੈਬਸਾਈਟ 'ਤੇ ਅਪਲੋਡ ਕਰ ਦਿਤੀ ਜਾਵੇ ਤਾਂ ਜੋ ਮਾਪਿਆਂ ਵਲੋਂ ਰੇਡੀਮੇਡ ਵਰਦੀ ਕਿਸੇ ਵੀ ਥਾਂ ਤੋਂ ਖ਼ਰੀਦੀ ਜਾ ਸਕੇ ਜਾਂ ਅਪਣੀ ਲੋੜ ਮੁਤਾਬਕ ਸਿਲਵਾਈ ਜਾ ਸਕੇ।
ਇਸਦੇ ਨਾਲ ਹੀ ਸਕੂਲ ਅਥਾਰਟੀਆਂ ਲਈ ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਬੋਰਡ ਦੇ ਸਿਲੇਬਸ 'ਤੇ ਅਧਾਰਤ ਪ੍ਰਵਾਨਿਤ ਕਿਤਾਬਾਂ ਹੀ ਵਰਤੀਆਂ ਜਾਣ ਅਤੇ ਇੰਨਾਂ ਕਿਤਾਬਾਂ ਦੀ ਸੂਚੀ ਸਕੂਲ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਜਾਵੇ ਤਾਂ ਜੋ ਵਿਦਿਆਰਥੀ/ਮਾਪੇ ਅਪਣੀ ਸਹੂਲਤ ਮੁਤਾਬਕ ਕਿਸੇ ਵੀ ਥਾਂ ਤੋਂ ਕਿਤਾਬਾਂ ਖ਼ਰੀਦ ਸਕਣ।
ਇਹ ਸਭ ਕੁੱਝ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੂਰਖ ਬਣਾਉਣ ਲਈ ਕੀਤਾ ਜਾਂਦਾ ਹੈ ਤਾਂ ਜੋ ਉਹ ਸੈਕੰਡ ਹੈਂਡ ਕਿਤਾਬਾਂ ਨਾ ਖ਼ਰੀਦ ਸਕਣ ਅਤੇ ਨਵੀਆਂ ਕਿਤਾਬਾਂ ਉਤੇ ਖ਼ਰਚਾ ਕੀਤਾ ਜਾ ਸਕੇ।