ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸਾਂਭਣ ਮਗਰੋਂ ਪਹਿਲੀ ਵਾਰ ਜਲੰਧਰ ਪਹੁੰਚੇ ਨਵਜੋਤ ਸਿੰਘ ਸਿੱਧੂ (Navjot Singh Sidhu) ਦਾ ਜਲੰਧਰ ਦੇ ਕਾਂਗਰਸ ਭਵਨ ਵਿਖ਼ੇ ਕਾਂਗਰਸ ਆਗੂਆਂ ਅਤੇ ਵਰਕਰਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਵੀ ਉਹਨਾਂ ਦੇ ਨਾਲ ਸਨ।
ਹਾਲਾਂਕਿ ਵੱਡੀ ਗਿਣਤੀ ਵਿੱਚ ਕਾਂਗਰਸ ਵਿਧਾਇਕ ਅਤੇ ਆਗੂ ਸਿੱਧੂ ਦੇ ਸਵਾਗਤ ਲਈ ਪਹੰਚੇ ਪਰ ਜ਼ਿਲ੍ਹੇ ਦੇ ਕੁਝ ਚੋਣਵੇਂ ਆਗੂ ਇਸ ਮੌਕੇ ਗੈਰ ਹਾਜ਼ਰ ਵੀ ਰਹੇ। ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਦਾ 18 ਨੁਕਾਤੀ ਪ੍ਰੋਗਰਾਮ ਲਾਗੂ ਹੋ ਕੇ ਰਹੇਗਾ, ਉਹ ਲਾਗੂ ਕਰਨਾ ਹੀ ਪਵੇਗਾ। ਉਹਨਾਂ ਕਿਹਾ ਕਿ ਬੇਅਦਬੀ ਦਾ ਇਨਸਾਫ਼ ਵੀ ਹੋਣਾ ਚਾਹੀਦਾ ਹੈ ਅਤੇ ਦੁਨੀਆਂ ਚਾਹੁੰਦੀ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੰਗ ਗਲੀਆਂ ਨਾਲੀਆਂ ਵਿੱਚ ਖ਼ਿਲਾਰੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੂੰ ਤਬਾਹ ਕਰਨ ਵਾਲੇ ਵੱਡੇ ਮਗਰਮੱਛ ਜਿਨ੍ਹਾਂ ਦੇ ਖਿਲਾਫ਼ ਬਿਆਨ ਹਨ, ਸਬੂਤ ਹਨ, ਉਹਨਾਂ ਦਾ ਨਿਪਟਾਰਾ ਵੀ ਪਹਿਲ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਤੀਆਂ ਵਾਲੀਆਂ ਗੱਡੀਆਂ ਵਿੱਚ ਜੋ ਕੰਮ ਹੁੰਦੇ ਰਹੇ ਹਨ, ਉਹ ਵੀ ਲਿਫ਼ਾਫ਼ੇ ਹੁਣ ਖੁਲ੍ਹਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਕ ਡਰਾਓਣਾ ਮਾਰ ਕੇ ਟੰਗਣਾ ਹੀ ਪਵੇਗਾ।
ਹੜਤਾਲੀ ਅਤੇ ਧਰਨਿਆਂ ’ਤੇ ਬੈਠੇ ਮੁਲਾਜ਼ਮਾਂ ਦੀ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਜਿਹੜੇ ਪ੍ਰਦਰਸ਼ਨ ਕਰ ਰਹੇ ਉਨ੍ਹਾਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ, ਸੰਵਾਦ ਰਚਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਇੱਜ਼ਤ ਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹੀ ਹਾਈਕਮਾਨ ਦਾ ਹੁਕਮ ਹੈ ਅਤੇ ਅਸੀਂ ਇਸ ਗੱਲ ਲਈ ਪਹਿਰਾ ਦੇਵਾਂਗੇ।
ਤਿੰਨਾਂ ਖ਼ੇਤੀ ਕਾਨੂੰਨਾਂ ਦੀ ਗੱਲ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸੰਵਿਧਾਨ ਦੇ ਖਿਲਾਫ਼ ਹਨ, ਗੈਰ ਕਾਨੂੂੰਨੀ ਹਨ ਅਤੇ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਹਨ। ਉਨ੍ਹਾਂ ਕਿਹਾ ਕਿ ਇਕੱਲੇ ਸੋਧਾਂ ਨਾਲ ਗੱਲ ਨਹੀਂ ਬਣਨੀ ਸਿਰੇ ਤੋਂ ਇਹ ਕਾਨੂੰਨ ਨਕਾਰਣੇ ਪੈਣਗੇ। ਉਹਨਾਂ ਦਾਅਵਾ ਕੀਤਾ ਕਿ ਕਿਸੇ ਵੀ ਕੀਮਤ ’ਤੇ ਇਹ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ।
ਬਿਜਲੀ ਦੇ ਸਮਝੌਤਿਆਂ ਬਾਰੇ ਗੱਲ ਕਰਦਿਆਂ ਉਹ ਅਕਾਲੀ ਦਲ ’ਤੇ ਵਰ੍ਹੇ ਅਤੇ ਕਿਹਾ ਕਿ ਪਤਾ ਸੀ ਕਿ ਹਰ ਸਾਲ ਸੋਲਰ ਬਿਜਲੀ ਦੇ ਰੇਟ ਥੱਲੇ ਆਉਣਗੇ ਪਰ ਅਕਾਲੀ ਸਰਕਾਰ ਨੇ ਮਹਿੰਗੇ ਭਾਅ ਬਿਜਲੀ ਸਮਝੌਤੇ ਕੀਤੇ ਜਿਹੜੇ ਰੱਦ ਕਰਨੇ ਬਣਦੇ ਹਨ।
ਉਹਨਾਂ ‘ਆਪ’ ਦੇ ਦਿੱਲੀ ਮਾਡਲ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ 10 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੰਦਾ ਹੈ ਜਦਕਿ ਦਿੱਲੀ ਕੇਵਲ 1700 ਕਰੋੜ ਰੁਪਏ ਦੀ ਸਬਸਿਡੀ ਦਿੰਦਾ ਹੈ ਅਤੇ ਉਂਥੇ ਕਮਸ਼ੀਅਲ ਅਤੇ ਇੰਡਸਟਰੀਅਲ ਬਿਜਲੀ ਵੀ ਪੰਜਾਬ ਤੋਂ ਮਹਿੰਗੀ ਹੈ।
ਇਸ ਮੌਕੇ ਸਾਬਕਾ ਮੰਤਰੀ ਅਵਤਾਰ ਹੈਨਰੀ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਰਿੰਦਰ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਸੁਰਿੰਦਰ ਚੌਧਰੀ, ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਸਾਬਕਾ ਮੇਅਰ ਜੈਕਿਸ਼ਨ ਸੈਣੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ, ਸੀਨੀਅਰ ਆਗੂ ਪਰਮਜੀਤ ਸਿੰਘ ਰਾਏਪੁਰ, ਸ਼੍ਰੀਮਤੀ ਹਰਸਿਮਰਜੀਤ ਕੌਰ ਅਤੇ ਹੋਰ ਆਗੂ ਹਾਜ਼ਰ ਸਨ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ