ਬੀਜਿੰਗ : ਚੀਨ ਦੀ ਸਰਕਾਰ ਵਿਰੁਧ ਆਵਾਜ਼ ਚੁੱਕਣ ਕਾਰਨ ਇਕ ਅਰਬਪਤੀ ਵਪਾਰੀ ਨੂੰ ਭੁਗਤਣਾ ਪਿਆ ਹੈ। ਦਰਅਸਲ ਸ਼ੀ ਜਿਨਪਿੰਗ ਸਰਕਾਰ ਨੇ ਨਾਮੀ ਖੇਤੀ ਕੰਪਨੀ ਦਾਵੂ ਐਗਰੀਕਲਚਰ ਗਰੁੱਪ ਦੇ ਚੇਅਰਮੈਨ ਸੁਨ ਦਾਵੂ ਨੂੰ 18 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਖ਼ਿਲਾਫ਼ 'ਮੁਸੀਬਤ ਪੈਦਾ ਕਰਨ' ਅਤੇ 'ਸਰਕਾਰੀ ਸੰਸਥਾਨਾਂ 'ਤੇ ਹਮਲੇ ਲਈ ਭੀੜ ਇਕੱਠੀ ਕਰਨ' ਵਰਗੇ ਕਈ ਦੋਸ਼ ਲਾਏ ਗਏ ਹਨ। ਦਾਵੂ ਤੋਂ ਪਹਿਲਾਂ ਅਲੀਬਾਬਾ ਗਰੁੱਪ ਦੇ ਸੰਸਥਾਪਕ ਜੈਕ ਮਾ ਸਮੇਤ ਕਈ ਰਈਸ ਵਪਾਰੀਆਂ ਨੂੰ ਸਰਕਾਰ ਦੀ ਆਲੋਚਨਾ 'ਚ ਮੂੰਹ ਖੋਲ੍ਹਣਾ ਭਾਰੀ ਪੈ ਚੁੱਕਾ ਹੈ। ਦਾਵੂ ਨੂੰ ਕਾਮਯਾਬ ਵਪਾਰੀ ਅਤੇ ਬੁਨਿਆਦੀ ਅਧਿਕਾਰਾਂ ਦੇ ਬੁਲਾਰੇ ਦੇ ਰੂਪ 'ਚ ਜਾਣਿਆ ਜਾਂਦਾ ਹੈ। ਉਨ੍ਹਾਂ ਖ਼ਿਲਾਫ਼ ਟ੍ਰਾਇਲ ਖ਼ੁਫ਼ੀਆ ਤਰੀਕੇ ਨਾਲ ਗਾਓਬੀਡੀਅਨ 'ਚ ਚਲਾਇਆ ਗਿਆ। ਦਾਵੂ 'ਤੇ ਦੋਸ਼ ਹੈ ਕਿ ਉਨ੍ਹਾਂ ਭੀੜ ਨੂੰ ਸਰਕਾਰੀ ਇਕਾਈਆਂ 'ਤੇ ਹਮਲੇ ਲਈ ਇਕੱਠਾ ਕੀਤਾ, ਸਰਕਾਰੀ ਪ੍ਰਸ਼ਾਸਨ ਦੇ ਕੰਮਾਂ 'ਚ ਰੁਕਾਵਟਾਂ ਪੈਦਾ ਕੀਤੀਆਂ, ਝਗੜੇ ਤੇ ਮੁਸ਼ਕਲਾਂ ਪੈਦਾ ਕੀਤੀਆਂ। ਉਨ੍ਹਾਂ ਨੂੰ 18 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ 3.5 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ।