ਨਵੀਂ ਦਿੱਲੀ : ਕਾਰੋਬਾਰੀ ਮਨਪ੍ਰੀਤ ਸਿੰਘ ਚੱਢਾ ਉਰਫ ਮੋਂਟੀ ਚੱਢਾ ਨੂੰ ਦਿੱਲੀ ਪੁਲਸ ਦੀ ਇਕਨਾਮਿਕ ਵਿੰਗ ਨੇ ਬੁੱਧਵਾਰ ਦੀ ਰਾਤ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬਿਲਡਰ ਮੋਂਟੀ 'ਤੇ ਫਲੈਟ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ ਅਤੇ ਉਸਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਹੋ ਚੁੱਕਾ ਸੀ। ਮੋਂਟੀ ਵਿਦੇਸ਼ ਭੱਜਣ ਦੀ ਫਿਰਾਕ 'ਚ ਸੀ ਪਰ ਪੁਲਸ ਦੀ ਆਰਥਿਕ ਦੰਡ ਸ਼ਾਖਾ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚ ਕੇ ਉਸਨੂੰ ਗ੍ਰਿਫਤਾਰ ਕਰ ਲਿਆ। ਮੋਂਟੀ ਨੂੰ ਵੀਰਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਮਨਪ੍ਰੀਤ ਸਿੰਘ ਚੱਢਾ ਸ਼ਰਾਬ ਕਾਰੋਬਾਰੀ ਪੋਂਟੀ ਚੱਢਾ ਦਾ ਬੇਟਾ ਹੈ। ਪੋਂਟੀ ਚੱਢਾ ਦਾ ਕਤਲ ਹੋ ਚੁੱਕਾ ਹੈ। ਦੋਸ਼ ਹੈ ਕਿ ਮੋਂਟੀ ਚੱਢਾ ਨੇ ਕਈ ਨਿਰਮਾਣ ਕੰਪਨੀਆਂ ਬਣਾ ਕੇ ਸਸਤੇ ਫਲੈਟਾਂ ਦੇ ਨਾਂ 'ਤੇ ਲੋਕਾਂ ਤੋਂ ਪੈਸੇ ਲਏ ਪਰ ਵਾਅਦੇ ਮੁਤਾਬਕ ਉਨ੍ਹਾਂ ਨੂੰ ਫਲੈਟ ਨਹੀਂ ਦਿੱਤੇ। ਮੋਂਟੀ ਚੱਢਾ 'ਤੇ 100 ਕਰੋੜ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਹੈ।
ਸ਼ਿਕਾਇਤਕਰਤਾ ਮੁਤਾਬਕ ਗਾਜ਼ਿਆਬਾਦ ਡਵੈਲਪਮੈਂਟ ਅਥਾਰਟੀ ਨੇ ਸਾਲ 2003 'ਚ ਹਾਈਟੈਕ ਸਿਟੀ ਡਵੈਲਪ ਕਰਨ ਲਈ ਇਕ ਯੋਜਨਾ ਤਿਆਰ ਕੀਤੀ ਸੀ। ਇਸ ਤੋਂ ਬਾਅਦ ਸਾਲ 2005 ਵਿਚ ਦੋਸ਼ੀਆਂ ਨੇ ਆਪਣੀ ਕੰਪਨੀ ਉੱਪਲ ਚੱਢਾ ਹਾਈਟੈੱਕ ਸਿਟੀ ਡਵੈੱਲਪਰਸ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਅਖਬਾਰਾਂ ਵਿਚ ਵਿਗਿਆਪਨ ਦਿੱਤੇ। ਇਥੇ ਪ੍ਰੋਜੈਕਟ ਬੁਕਿੰਗ 'ਤੇ ਡਿਸਕਾਉਂਟ ਆਫਰ ਕੀਤੇ ਗਏ। ਪਰ 11 ਸਾਲ ਬਾਅਦ ਵੀ 65 ਤੋਂ 85 ਫੀਸਦੀ ਰਕਮ ਲੈਣ ਦੇ ਬਾਅਦ ਕੋਈ ਪੋਜ਼ੈਸ਼ਨ ਨਹੀਂ ਦਿੱਤਾ ਗਿਆ। ਦੋਸ਼ਾਂ ਮੁਤਾਬਕ ਮੋਂਟੀ ਚੱਢਾ ਨੇ ਇਸ ਤਰ੍ਹਾਂ 100 ਕਰੋੜ ਤੋਂ ਜ਼ਿਆਦਾ ਦੀ ਧੋਖਾਧੜੀ ਕੀਤੀ ਹੈ।
FIR 'ਚ ਇਨ੍ਹਾਂ ਲੋਕਾਂ ਦਾ ਹੈ ਨਾਮ
ਦਿੱਲੀ ਪੁਲਸ ਦੀ ਇਕਨਾਮਿਕ ਅਪਰਾਝ ਸ਼ਾਖਾ ਨੇ ਜਿਹੜਾ ਮਾਮਲਾ ਦਰਜ ਕੀਤਾ ਹੈ ਉਸ ਵਿਚ - ਐਮ.ਐਸ.ਉੱਪਲ ਚੱਢਾ ਹਾਈਟੈੱਕ ਡਵੈਲਪਰਸ ਪ੍ਰਾਈਵੇਟ ਲਿਮਟਿਡ, ਹਰਮਨਦੀਪ ਸਿੰਘ ਕੰਧਾਰੀ, ਰਾਜਿੰਦਰ ਚੱਢਾ, ਮਨਪ੍ਰੀਤ ਚੱਢਾ(ਮੋਂਟੀ ਚੱਢਾ), ਗੁਰਜੀਤ ਕੋਚਰ, ਕਾਰਤਿਕਾ ਗੁਪਤਾ ਨੂੰ ਦੋਸ਼ੀ ਬਣਾਇਆ ਹੈ।