ਫ਼ਾਜ਼ਿਲਕਾ : ਫ਼ਾਜ਼ਿਲਕਾ ਜ਼ਿਲ੍ਹੇ ਦੇ ਤਹਿਤ ਪੈਂਦੇ ਪਿੰਡ ਕਮਾਲਵਾਲਾ ’ਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਨੇ ਦੱਸਿਆ ਕਿ ਪੁਸ਼ਪਿੰਦਰ ਸਿੰਘ ਉਸ ਦੀ ਮਾਸੀ ਦਾ ਲੜਕਾ ਹੈ ਅਤੇ ਜਿਸ ਦਾ ਨੇੜਲੀ ਢਾਣੀ ਵਾਸੀ ਜਸਵਿੰਦਰ ਸਿੰਘ ਦੇ ਨਾਲ ਕੋਈ ਪਾਣੀ ਵਗੈਰਾ ਦਾ ਪੁਰਾਣਾ ਝਗੜਾ ਚੱਲ ਰਿਹਾ ਸੀ ਜਿਸ ਦੀ ਉਕਤ ਵਿਅਕਤੀ ਰੰਜਿਸ਼ ਰਖਦਾ ਸੀ।
ਉਸ ਨੇ ਦੱਸਿਆ ਅੱਜ ਸਵੇਰੇ ਲਗਭਗ 9 ਵਜੇ ਜਦੋਂ ਪੁਸ਼ਪਿੰਦਰ ਸਿੰਘ (37) ਆਪਣੇ ਘਰ ’ਚ ਸੀ ਤਾਂ ਜਸਵਿੰਦਰ ਸਿੰਘ ਅਤੇ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਬੁਲੇਟ ਮੋਟਰ ਸਾਇਕਲ ’ਤੇ ਪਿਸਤੋਲ ਲੈ ਕੇ ਆਏੇ ਅਤੇ ਪਹਿਲਾਂ ਤਿੰਨ ਹਵਾਈ ਫਾਇਰ ਕੀਤੇ ਅਤੇ ਉਸ ਤੋਂ ਬਾਅਦ 2 ਗੋਲੀਆਂ ਪੁਸ਼ਪਿੰਦਰ ਸਿੰਘ ਦੇ ਮਾਰੀਆਂ। ਜਿਨ੍ਹਾਂ ’ਚੋਂ ਇਕ ਗੋਲੀ ਪੁਸ਼ਪਿੰਦਰ ਦੇ ਪੇਟ ’ਚ ਲੱਗੀ ਅਤੇ ਇਕ ਸਾਇਡ ’ਤੇ ਲੱਗੀ। ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮੌਕੇ ਰਾਜਪਾਲ ਵਾਸੀ ਪਿੰਡ ਇਸਲਾਮਵਾਲਾ ਨੇ ਦੱਸਿਆ ਕਿ ਇਨ੍ਹਾਂ ਦੀ ਜਦੋਂ ਲੜਾਈ ਹੋਈ ਤਾਂ ਪੁਸ਼ਪਿੰਦਰ ਸਿੰਘ ਜੋ ਇਕ ਕਿਸਾਨ ਸੀ ਨੇ ਫੋਨ ਕੀਤਾ ਕਿ ਉਕਤ ਵਿਅਕਤੀ ਮੈਨੂੰ ਗੋਲੀਆਂ ਮਾਰਨ ਲਈ ਪਿਸਤੋਲ ਲਿਆ ਰਿਹਾ ਹੈ। ਉਸ ਦੇ ਜਾਨ ਤੋਂ ਪਹਿਲਾਂ ਹੀ ਉਕਤ ਵਿਅਕਤੀਆਂ ਨੇ ਤਿੰਨ ਹਵਾਈ ਫਾਇਰ ਕੀਤੇ ਅਤੇ 2 ਫਾਇਰ ਪੁਸ਼ਪਿੰਦਰ ਸਿੰਘ ’ਤੇ ਕੀਤੇ।
ਜਦੋਂ ਜ਼ਖ਼ਮੀ ਹਾਲਤ ’ਚ ਪੁਸ਼ਪਿੰਦਰ ਸਿੰਘ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪਹਿਲਾਂ ਵੀ ਕਈ ਵਾਰ ਲੜਾਈ ਝਗੜਾ ਹੋਇਆ ਸੀ। ਮਾਮਲੇ ਸਬੰਧੀ ਥਾਣਾ ਖੂਈਖੇੜਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।