Saturday, January 18, 2025
 

ਸੰਸਾਰ

ਚੀਨ 'ਚ ਸਭ ਤੋਂ ਭਿਆਨਕ ਹੜ੍ਹ

July 21, 2021 07:57 PM

ਬੀਜਿੰਗ : ਚੀਨ ਦੇ ਹੇਨਾਨ ਸੂਬੇ ਵਿਚ ਭਿਆਨਕ ਬਾਰਸ਼ ਕਾਰਨ 12 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਪੌਣੇ ਦੋ ਲੱਖ ਤੋਂ ਵੱਧ ਲੋਕਾਂ ਨੂੰ ਰਾਹਤ ਦਲਾਂ ਨੇ ਸੁਰੱਖਿਆ ਥਾਵਾਂ 'ਤੇ ਪਹੁੰਚਾ ਦਿੱਤਾ ਹੈ। ਹਾਲੇ ਤਕ 25 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਕਈ ਲੋਕ ਲਾਪਤਾ ਹਨ। ਮੈਟਰੋ ਟਰੇਨ 'ਚ ਤੇਜ਼ੀ ਨਾਲ ਵਧ ਰਹੇ ਹੜ੍ਹ ਦੇ ਪਾਣੀ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਮੈਟਰੋ ਸੁਰੰਗਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਚੁੱਕੀਆਂ ਹਨ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਰਾਹਤ ਕੰਮ ਮੁਸ਼ਕਲ ਭਰਿਆ ਹੈ। ਹੜ੍ਹ 'ਚ ਬੋਧੀ ਭਿਕਸ਼ੂਆਂ ਦਾ ਸ਼ਾਓਲਿਨ ਮੰਦਰ ਵੀ ਘਿਰਿਆ ਹੋਇਆ ਹੈ। ਇਹ ਮੰਦਰ ਮਾਰਸ਼ਲ ਆਰਟ ਕਾਰਨ ਵਿਸ਼ਵ ਪ੍ਰਸਿੱਧ ਹੈ। ਦਰਅਸਲ ਇਕ ਹਜ਼ਾਰ ਸਾਲ ਵਿਚ ਆਈ ਸਭ ਤੋਂ ਭਿਆਨਕ ਬਾਰਸ਼ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸ਼ਹਿਰਾਂ ਵਿਚ ਪਾਣੀ ਭਰਨ ਕਾਰਨ ਬਾਜ਼ਾਰ ਅਤੇ ਦਫਤਰ ਡੁੱਬ ਚੁੱਕੇ ਹਨ। ਸੁਰੰਗ 'ਚ ਫਸੀ ਮੈਟਰੋ 'ਚ ਪਾਣੀ ਭਰ ਗਿਆ ਅਤੇ ਸਟੇਸ਼ਨਾਂ 'ਤੇ ਲੋਕ ਫਸੇ ਹੋਏ ਹਨ। ਯਿਚੁਆਨ ਦੇ ਡੈਮ 'ਚ ਦਰਾੜ ਆਉਣ ਕਾਰਨ ਉਸ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਕਈ ਡੈਮ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਏ ਹਨ। ਝੋਂਗਝੋਊ ਰੇਲਵੇ ਸਟੇਸ਼ਨ ਤੋਂ ਆਉਣ-ਜਾਣ ਵਾਲੀਆਂ ਲਗਪਗ 160 ਟਰੇਨਾਂ ਰੋਕ ਦਿੱਤੀਆਂ ਗਈਆਂ ਹਨ। ਹਜ਼ਾਰਾਂ ਲੋਕ ਬਿਨਾਂ ਬਿਜਲੀ-ਪਾਣੀ ਦੇ ਰਹਿਣ ਲਈ ਮਜਬੂਰ ਹਨ। ਸੈਂਕੜੇ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। 'ਰਾਇਟਰ' ਅਨੁਸਾਰ ਸਾਰੀਆਂ ਟਰੇਨਾਂ ਵਿਚ ਫਸੇ ਯਾਤਰੀ ਜਾਨ ਬਚਾਉਣ ਲਈ ਰਾਹਤ ਦਲ ਦੀ ਉਡੀਕ ਕਰ ਰਹੇ ਹਨ। ਇਹ ਲੋਕ ਗਰਦਨਾਂ ਤਕ ਪਾਣੀ ਵਿਚ ਡੁੱਬੇ ਹੋਏ ਹਨ। ਹੜ੍ਹ 'ਚ ਘਿਰੀਆਂ ਸਬ-ਵੇਅ ਟਰੇਨਾਂ 'ਚੋਂ 500 ਲੋਕਾਂ ਨੂੰ ਰਾਹਤ ਦਲਾਂ ਨੇ ਸੁਰੱਖਿਅਤ ਬਚਾਅ ਲਿਆ ਹੈ। ਹੇਨਾਨ ਦੇ ਇਕ ਦਰਜਨ ਸ਼ਹਿਰਾਂ ਵਿਚ ਇਸ ਤਰ੍ਹਾਂ ਹੀ ਪਾਣੀ ਭਰਿਆ ਹੋਇਆ ਹੈ। ਮੌਸਮ ਵਿਭਾਗ ਦਾ ਅਗਲੇ ਤਿੰਨ ਦਿਨਾਂ ਤਕ ਹੇਨਾਨ ਵਿਚ ਵਿਚ ਬਾਰਸ਼ ਦਾ ਅਨੁਮਾਨ ਹੈ। ਝੋਂਗਝੋਊ ਵਿਚ ਸ਼ਨਿਚਰਵਾਰ ਤੋਂ ਮੰਗਲਵਾਰ ਤਕ 617.1 ਮਿਲੀਮੀਟਰ ਤਕ ਬਾਰਸ਼ ਹੋਈ ਸੀ। ਇਹ ਪੂਰੇ ਸਾਲ ਦੀ ਔਸਤਨ 640.8 ਮਿਲੀਮੀਟਰ ਬਾਰਸ਼ ਦੇ ਬਰਾਬਰ ਹੈ। ਅਜਿਹੀ ਬਾਰਸ਼ ਇਕ ਹਜ਼ਾਰ ਸਾਲ ਵਿਚ ਇਕ ਵਾਰ ਹੀ ਹੁੰਦੀ ਹੈ।

 

Have something to say? Post your comment

 
 
 
 
 
Subscribe